NEET-UG ਪ੍ਰੀਖਿਆ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ, 432 ਪ੍ਰੀਖਿਆਰਥੀ ਦੇਣਗੇ ਪ੍ਰੀਖਿਆ: ਪ੍ਰੀਖਿਆ ਕੇਂਦਰ ਪ੍ਰਿੰਸੀਪਲ
ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (NEET-UG) ਨੂੰ ਲੈ ਕੇ ਪਟਿਆਲਾ ਦੇ ਸਕੂਲ ਆਫ਼ ਐਮੀਨੈਂਸ, ਫੀਲਖਾਨਾ ਵਿਖੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ ਨੇ ਦਿੱਤੀ।
ਪ੍ਰਿੰਸੀਪਲ ਰਜਨੀਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਵਿੱਚ ਕੁੱਲ 432 ਪ੍ਰੀਖਿਆਰਥੀ ਪ੍ਰੀਖਿਆ ਦੇਣ ਲਈ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀਆਂ ਦੀ ਐਂਟਰੀ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ, ਜਦਕਿ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤੱਕ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਆਯੋਜਨ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ (ਡੀਸੀ) ਖੁਦ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਡਿਊਟੀ ਮੈਜਿਸਟਰੇਟ ਵੀ ਕੇਂਦਰ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਪ੍ਰੀਖਿਆ ਲਈ ਨਿਰਧਾਰਤ 18 ਪ੍ਰੀਖਿਆ ਕਮਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਕਮਰੇ ਪ੍ਰੀਖਿਆ ਵਾਲੇ ਦਿਨ ਸਵੇਰੇ ਪ੍ਰੀਖਿਆਰਥੀਆਂ ਦੇ ਦਾਖਲੇ ਤੋਂ ਪਹਿਲਾਂ ਹੀ ਖੋਲ੍ਹੇ ਜਾਣਗੇ।
ਸੁਰੱਖਿਆ ਪ੍ਰਬੰਧਾਂ ਬਾਰੇ ਪ੍ਰਿੰਸੀਪਲ ਨੇ ਦੱਸਿਆ ਕਿ ਹਰ ਪ੍ਰੀਖਿਆ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਤੋਂ ਇਲਾਵਾ ਮੁੱਖ ਗੇਟ, ਕੰਟਰੋਲ ਰੂਮ ਅਤੇ ਪੂਰੇ ਕੈਂਪਸ ਵਿੱਚ ਵੀ ਸੀਸੀਟੀਵੀ ਨਿਗਰਾਨੀ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਅਣਚਾਹੀ ਗਤੀਵਿਧੀ ਨੂੰ ਰੋਕਣ ਲਈ ਹਰ ਪ੍ਰੀਖਿਆ ਕਮਰੇ ਦੇ ਬਾਹਰ ਜੈਮਰ ਵੀ ਲਗਾਏ ਗਏ ਹਨ।
ਉਨ੍ਹਾਂ ਭਰੋਸਾ ਜਤਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਅਤੇ ਪੁਖ਼ਤਾ ਪ੍ਰਬੰਧਾਂ ਦੇ ਨਾਲ ਇਹ ਪ੍ਰੀਖਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ, ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਸੰਪੰਨ ਹੋਵੇਗੀ।
ਇਹ ਵੀ ਪੜ੍ਹੋ : NEET-UG Re-Exam : ਨੀਟ ਦੇ ਪ੍ਰੀਖਿਆਰਥੀਆਂ ਲਈ ਰੋਡਵੇਜ਼ ਬੱਸਾਂ ’ਚ ਮੁਫ਼ਤ ਸਫਰ ਦੀ ਸਹੂਲਤ, ਐਡਮਿਟ ਕਾਰਡ ਦਿਖਾਉਣਾ ਹੋਵੇਗਾ ਲਾਜ਼ਮੀ
- PTC NEWS