Amritsar ਦੇ ਪਿੰਡ ਤਿਮੋਵਾਲ ਨੇੜੇ ਪੁਲਿਸ ਤੇ ਇੱਕ ਗੈਂਗਸਟਰ ਵਿਚਾਲੇ ਮੁੱਠਭੇੜ , ਜਵਾਬੀ ਕਾਰਵਾਈ 'ਚ ਗੈਂਗਸਟਰ ਜ਼ਖਮੀ
Amritsar Gangster Encounter : ਪੰਜਾਬ ਪੁਲਿਸ ਦੇ ਗੈਂਗਸਟਰਾਂ ਵਿਰੁੱਧ ਆਪ੍ਰੇਸ਼ਨ ਪ੍ਰਹਾਰ ਦੇ ਤੀਜੇ ਦਿਨ ਅੰਮ੍ਰਿਤਸਰ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁੱਠਭੇੜ ਹੋ ਗਈ ਹੈ। ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿਮੋਵਾਲ ਨੇੜੇ ਨਹਿਰ ਵਾਲੇ ਸੂਏ ’ਤੇ ਪੁਲਿਸ ਤੇ ਇੱਕ ਗੈਂਗਸਟਰ ਵਿਚਾਲੇ ਮੁੱਠਭੇੜ ਹੋ ਗਈ ਹੈ। ਇਸ ਦੌਰਾਨ ਜਵਾਬੀ ਕਾਰਵਾਈ 'ਚ ਜਸਪਾਲ ਉਰਫ਼ ਭੱਟੀ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਜ਼ਖਮੀ ਗੈਂਗਸਟਰ ਕੋਲੋਂ ਇਕ ਚਾਈਨਾ ਮੇਡ ਪਿਸਤੌਲ ਵੀ ਬਰਾਮਦ ਹੋਇਆ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਗੁਪਤ ਸੂਚਨਾ ਮਿਲਣ ’ਤੇ ਜਦੋਂ ਇਸ ਨਾਮੀ ਗੈਂਗਸਟਰ ਦਾ ਪਿੱਛਾ ਕੀਤਾ ਗਿਆ ਤਾਂ ਗੈਂਗਸਟਰ ਵਲੋਂ ਪੁਲਿਸ ਅਧਿਕਾਰੀਆਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦੀ ਜਵਾਬੀ ਫਾਇਰਿੰਗ ਜਸਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਹੈ। ਜ਼ਖਮੀ ਹੋਏ ਗੈਂਗਸਟਰ ਜਸਪਾਲ ਉਰਫ਼ ਭੱਟੀ ਨੂੰ ਬਾਬਾ ਬਕਾਲਾ ਸਾਹਿਬ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ।
ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀ ਆਰੋਪੀ ਜਸਪਾਲ ਉਰਫ਼ ਭੱਟੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ 'ਤੇ ਲਗਭਗ ਇੱਕ ਸਾਲ ਪਹਿਲਾਂ ਕਪੂਰਥਲਾ ਵਿੱਚ ਇੱਕ ਕਤਲ ਦਾ ਮਾਮਲਾ ਦਰਜ ਹੈ। ਉਹ ਘਟਨਾ ਤੋਂ ਬਾਅਦ ਪੁਲਿਸ ਤੋਂ ਬਚ ਰਿਹਾ ਸੀ। ਜ਼ਖਮੀ ਗੈਂਗਸਟਰ ਕੋਲੋਂ ਇਕ ਚਾਈਨਾ ਮੇਡ ਪਿਸਤੌਲ ਵੀ ਬਰਾਮਦ ਹੋਇਆ ਹੈ।
ਆਪ੍ਰੇਸ਼ਨ ਪ੍ਰਹਾਰ ਦੌਰਾਨ ਇਹ ਛੇਵਾਂ ਮੁਕਾਬਲਾ ਹੈ। ਡੀਜੀਪੀ ਗੌਰਵ ਯਾਦਵ ਨੇ ਆਪ੍ਰੇਸ਼ਨ ਪ੍ਰਹਾਰ ਦਾ ਐਲਾਨ ਕਰਦੇ ਹੋਏ ਗੈਂਗਸਟਰਾਂ ਵਿਰੁੱਧ 72 ਘੰਟੇ ਦੀ ਜੰਗ ਦਾ ਐਲਾਨ ਕੀਤਾ ਸੀ, ਜਿਸਦਾ ਅੱਜ ਆਖਰੀ ਦਿਨ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਐਲਾਨ ਕੀਤਾ ਕਿ ਲੋਕ ਗੈਂਗਸਟਰ ਹੈਲਪਲਾਈਨ ਨੰਬਰ 'ਤੇ ਗੈਂਗਸਟਰਾਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਸਾਥੀਆਂ ਬਾਰੇ ਜਾਣਕਾਰੀ ਦੇਣ। ਜੇਕਰ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਪੁਲਿਸ 10 ਲੱਖ ਦਾ ਇਨਾਮ ਦੇਵੇਗੀ।
- PTC NEWS