Amritsar News : ਅਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ, ਬੱਸ ਸਟੈਂਡ, ਰੇਲਵੇ ਸਟੇਸ਼ਨ 'ਤੇ ਕੀਤੀ ਜਾ ਰਹੀ ਚੈਕਿੰਗ
Amritsar News : ਆਜ਼ਾਦੀ ਦਿਵਸ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਭਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਮੌਕੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਭਾਰੀ ਪੁਲਿਸ ਫੋਰਸ ਦੇ ਨਾਲ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਬੱਸ ਸਟੈਂਡ ਦੇ ਚਪੇ ਚੱਪੇ ਦੀ ਚੈਕਿੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਮਾਨਯੋਗ ਪੁਲਿਸ ਕਮਿਸ਼ਨਰ ਗੁਰਮੀਤ ਸਿੰਘ ਭੁੱਲਰ ਦੇ ਨੇਤ੍ਰਿਤਵ ਹੇਠ ਸੀਨੀਅਰ ਅਧਿਕਾਰੀ, ਖ਼ਾਸ ਟੀਮਾਂ ਤੇ ਸੁਰੱਖਿਆ ਦਲਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਵਿਆਪਕ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।
ਸੁਰੱਖਿਆ ਪ੍ਰਬੰਧਾਂ ਦੇ ਤਹਿਤ ਬੱਸ ਸਟੈਂਡ, ਰੇਲਵੇ ਸਟੇਸ਼ਨ, ਸਰਕਾਰੀ ਤੇ ਪ੍ਰਾਈਵੇਟ ਇਮਾਰਤਾਂ, ਸ਼ਾਪਿੰਗ ਮਾਲ ਅਤੇ ਹੋਰ ਭੀੜ ਵਾਲੀਆਂ ਥਾਵਾਂ ‘ਤੇ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਲੇਪਰ ਡੋਗਜ਼, ਬੰਬ ਸਕਵਾਡ, ਮੈਟਲ ਡਿਟੈਕਟਰ ਤੇ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਦੀ ਮਦਦ ਨਾਲ ਹਰੇਕ ਸ਼ੱਕੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਸੀਪੀਓ ਵੱਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਹਰੇਕ ਮਹੱਤਵਪੂਰਨ ਸਥਾਨ ‘ਤੇ ਤੈਨਾਤ ਫੋਰਸ ਨੂੰ ਹੋਰ ਚੌਕਸੀ ਬਰਤਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਦਫ਼ਤਰਾਂ ਅਤੇ ਮਹੱਤਵਪੂਰਨ ਸੰਸਥਾਵਾਂ ਦੀ ਵੀ ਖ਼ਾਸ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਪਹਿਲਾਂ ਹੀ ਨਿਪਟਿਆ ਜਾ ਸਕੇ।
ਪੁਲਿਸ ਅਧਿਕਾਰੀ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸਮਾਨ ਦੀ ਜਾਣਕਾਰੀ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਜਾਂ ਹੈਲਪਲਾਈਨ ਨੰਬਰ ‘ਤੇ ਦੇਣ।
- PTC NEWS