Amritsar News: 'ਅੰਮ੍ਰਿਤ ਸਰੁ ਸਿਫਤੀ ਦਾ ਘਰੁ' ਸਲੋਕ ਨੂੰ ਮੁੜ ਹਾਲ ਗੇਟ 'ਤੇ ਸਜਾਇਆ, ਲੰਮੇ ਸਮੇਂ ਤੋਂ ਬੰਦ ਪਈ ਘੜੀ ਵੀ ਕੀਤੀ ਚਾਲੂ
Amritsar News: ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਹਾਲ ਗੇਟ, ਜੋ ਕਿ ਕਈ ਸਾਕਿਆਂ ਦਾ ਗਵਾਹ ਹੈ, ਉੱਪਰ ਲਿਖਿਆ ਸਲੋਕ,"ਅੰਮ੍ਰਿਤਸਰ ਸਿਫਤੀ ਦਾ ਘਰ" ਕਾਫੀ ਲੰਬੇ ਸਮੇਂ ਤੋਂ ਆਪਣੇ ਸਥਾਨ ਤੋਂ ਗਾਇਬ ਸੀ, ਨੂੰ ਮਿਊਸੀਪਲ ਕਾਰਪੋਰੇਸ਼ਨ ਨੇ ਦੁਬਾਰਾ ਉਸੇ ਸਥਾਨ ਉੱਤੇ ਸਜਾ ਦਿੱਤਾ ਹੈ। ਇਸ ਦੇ ਨਾਲ ਹੀ ਹਾਲ ਗੇਟ ਉੱਪਰ ਲੱਗੀ ਮਕੈਨੀਕਲ ਘੜੀ ਜੋ ਕਿ ਅੰਗਰੇਜ਼ ਕਾਲ ਤੋਂ ਸ਼ਹਿਰ ਵਾਸੀਆਂ ਨੂੰ ਸਮੇਂ ਦੀ ਸੂਚਨਾ ਦਿੰਦੀ ਆ ਰਹੀ ਹੈ, ਵੀ ਬੰਦ ਸੀ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਇੱਛਾ ਸੀ ਕਿ ਇਸ ਸਲੋਕ ਨੂੰ ਮੁੜ ਹਾਲ ਗੇਟ ਉਪਰ ਸਜਾਇਆ ਜਾਵੇ। ਸੋ ਸ਼ਹਿਰ ਵਾਸੀਆਂ ਦੀ ਇੱਛਾ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਨਿੱਜੀ ਦਿਲਚਸਪੀ ਲੈ ਕੇ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਸਹਿਯੋਗ ਨਾਲ ਇਹ ਸਲੋਕ ਮੁੜ ਹਾਲ ਗੇਟ ਉੱਪਰ ਸਜਾਇਆ ਹੈ ਅਤੇ ਇਸ ਨੂੰ ਪੁਰਾਣੀ ਰਵਾਇਤ ਦੀ ਤਰ੍ਹਾਂ ਚਿੱਟਾ ਰੰਗ ਹੀ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਹਾਲ ਗੇਟ ਉੱਪਰ ਲੱਗੀ ਮਕੈਨੀਕਲ ਘੜੀ ਕਾਫੀ ਸਮੇਂ ਤੋਂ ਬੰਦ ਸੀ, ਨੂੰ ਵੀ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੀ ਮਦਦ ਨਾਲ ਮੁੜ ਚਾਲੂ ਕਰਾ ਦਿੱਤਾ ਹੈ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੇਣ ਤਾਂ ਜੋ ਆਪਾਂ ਸਾਰੇ ਮਿਲ ਕੇ ਸ਼ਹਿਰ ਦੀ ਸ਼ਾਨ ਨੂੰ ਮੁੜ ਬਹਾਲ ਕਰ ਸਕੀਏ।
- PTC NEWS