Anmol Bishnoi ਦਾ NIA ਨੂੰ ਮਿਲਿਆ 11 ਦਿਨ ਦਾ ਰਿਮਾਂਡ ,ਬਾਬਾ ਸਿੱਦੀਕੀ ਤੇ ਮੂਸੇਵਾਲਾ ਕਤਲ ਮਾਮਲੇ 'ਚ ਵਾਂਟੇਡ
Anmol Bishnoi News : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮਾਸਟਰਮਾਈਂਡ ਅਨਮੋਲ ਨੂੰ NIA ਅਤੇ ਦਿੱਲੀ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ 19 ਨਵੰਬਰ ਨੂੰ IGI ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸਨੂੰ ਸਖ਼ਤ ਸੁਰੱਖਿਆ ਹੇਠ ਸਿੱਧਾ ਪਟਿਆਲਾ ਹਾਊਸ ਕੋਰਟ ਲਿਜਾਇਆ ਗਿਆ, ਜਿੱਥੇ NIA ਅਦਾਲਤ ਨੇ ਉਸਨੂੰ 11 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ।
ਅਨਮੋਲ 2022 ਤੋਂ ਲੋੜੀਂਦਾ ਸੀ, ਜਾਅਲੀ ਪਾਸਪੋਰਟ 'ਤੇ ਅਮਰੀਕਾ ਵਿੱਚ ਲੁਕਿਆ ਹੋਇਆ ਸੀ। ਉਹ ਬਾਬਾ ਸਿੱਦੀਕੀ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ, ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟਸ 'ਤੇ ਗੋਲੀਬਾਰੀ ਅਤੇ ਵਿਦੇਸ਼ਾਂ ਤੋਂ ਔਨਲਾਈਨ ਧਮਕੀਆਂ ਸਮੇਤ 18 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਆਰੋਪੀ ਹੈ। ਉਸਨੇ ਅਪਰਾਧਿਕ ਗਤੀਵਿਧੀਆਂ ਨੂੰ ਨਿਰਦੇਸ਼ਤ ਕੀਤਾ ਅਤੇ ਵਿਦੇਸ਼ ਤੋਂ ਜਬਰੀ ਵਸੂਲੀ ਦਾ ਰੈਕੇਟ ਚਲਾਉਂਦਾ ਸੀ।
NIA ਨੇ ਕਿੰਨੇ ਦਿਨਾਂ ਦਾ ਮੰਗਿਆ ਸੀ ਰਿਮਾਂਡ ?
NIA ਨੇ ਅਮਰੀਕਾ ਤੋਂ ਡਿਪੋਰਟ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਅਨਮੋਲ ਬਿਸ਼ਨੋਈ ਨੂੰ ਸ਼ਾਮ 5 ਵਜੇ ਦੇ ਕਰੀਬ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਸੀ। NIA ਨੇ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ 15 ਦਿਨਾਂ ਦਾ ਰਿਮਾਂਡ ਮੰਗਿਆ ਸੀ। ਹਾਲਾਂਕਿ, ਅਦਾਲਤ ਨੇ NIA ਨੂੰ ਅਨਮੋਲ ਬਿਸ਼ਨੋਈ ਦਾ 11 ਦਿਨਾਂ ਦਾ ਰਿਮਾਂਡ ਦਿੱਤਾ ਹੈ।
NIA ਨੇ ਦਿੱਲੀ ਪਹੁੰਚਣ 'ਤੇ ਕੀਤਾ ਸੀ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਅਮਰੀਕਾ ਤੋਂ ਦਿੱਲੀ ਪਹੁੰਚਦੇ ਹੀ ਅਨਮੋਲ ਬਿਸ਼ਨੋਈ ਨੂੰ NIA ਨੇ ਦਿੱਲੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤਾ ਸੀ। NCP ਨੇਤਾ ਬਾਬਾ ਸਿੱਦੀਕੀ ਦੇ ਕਤਲ, ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ 'ਤੇ ਹੋਈ ਗੋਲੀਬਾਰੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਹੋਰ ਅਪਰਾਧਾਂ ਲਈ ਲੋੜੀਂਦੇ ਅਨਮੋਲ ਨੂੰ ਮੰਗਲਵਾਰ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਅਨਮੋਲ ਬਿਸ਼ਨੋਈ ਨੂੰ ਪਿਛਲੇ ਸਾਲ ਨਵੰਬਰ ਵਿੱਚ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
- PTC NEWS