ਸਮਲਿੰਗੀ ਸਬੰਧਾਂ ਦਾ ਇੱਕ ਹੋਰ ਮਾਮਲਾ ਪਹੁੰਚਿਆ HC, ਅਦਾਲਤ ਵੱਲੋਂ ਮਾਪਿਆਂ ਸਮੇਤ ਲੜਕੀ ਨੂੰ ਪੇਸ਼ ਕਰਨ ਦੇ ਹੁਕਮ
ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ (Punjab Haryana Highcourt) 'ਚ ਸਮਲਿੰਗੀ ਸਬੰਧਾਂ ਦਾ ਇੱਕ ਹੋਰ ਮਾਮਲਾ ਪਹੁੰਚਿਆ ਹੈ।ਇਕ ਲੜਕੀ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਜਿਸ ਲੜਕੀ ਨਾਲ ਉਹ ਰਹਿਣਾ ਚਾਹੁੰਦੀ ਹੈ, ਉਸ ਦੇ ਪਰਿਵਾਰ ਨੇ ਉਸ ਨੂੰ ਕਿਤੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਉਸ ਨੂੰ ਰਿਹਾਅ ਕੀਤਾ ਜਾਵੇ। ਪਟੀਸ਼ਨ 'ਤੇ ਹਾਈ ਕੋਰਟ ਨੇ ਚੰਡੀਮੰਦਰ ਥਾਣੇ ਦੇ ਐਸਐਚਓ ਨੂੰ ਕੇਸ ਦੀ ਅਗਲੀ ਸੁਣਵਾਈ 4 ਜਨਵਰੀ ਨੂੰ ਲੜਕੀ ਨੂੰ ਉਸ ਦੇ ਮਾਪਿਆਂ ਸਮੇਤ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਪੰਚਕੂਲਾ ਦੀ ਰਹਿਣ ਵਾਲੀ ਕਾਜਲ ਨਾਂ ਦੀ ਲੜਕੀ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਹ ਕਿਸੇ ਹੋਰ ਲੜਕੀ ਬਬਲੀ ਨਾਲ ਰਹਿਣਾ ਚਾਹੁੰਦੀ ਹੈ ਪਰ ਬਬਲੀ ਦੇ ਮਾਪੇ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਧੀ ਨੂੰ ਕਿਤੇ ਲੁਕੋ ਕੇ ਰੱਖਿਆ ਹੋਇਆ ਹੈ ਅਤੇ ਉਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬੰਧਕ ਬਣਾਇਆ ਜਾ ਰਿਹਾ ਹੈ। ਇਸ ਲਈ ਉਸ ਨੂੰ ਰਿਹਾਅ ਕੀਤਾ ਜਾਵੇ।
ਪਟੀਸ਼ਨਰ ਲੜਕੀ ਨੇ ਦੱਸਿਆ ਹੈ ਕਿ ਉਹ ਦੋਵੇਂ ਹੁਣ ਬਾਲਗ ਹਨ ਪਰ ਉਹ ਇੱਕ-ਦੂਜੇ ਨੂੰ ਪਸੰਦ ਕਰਦੀ ਹੈ ਅਤੇ ਉਹ ਇਕੱਠੇ ਰਹਿੰਦੇ ਸਨ। ਪਰ ਬਬਲੀ ਦੇ ਮਾਤਾ-ਪਿਤਾ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਸਨ ਅਤੇ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਹ ਲੁਕ ਕੇ ਰਹਿਣ ਲੱਗੀ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਬਬਲੀ ਦੇ ਪਰਿਵਾਰ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਦੋਵੇਂ ਪੰਚਕੂਲਾ ਥਾਣੇ ਗਏ ਅਤੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਇਕੱਠੇ ਰਹਿ ਰਹੀ ਹੈ। ਪਰ ਪੁਲਿਸ ਨੇ ਥਾਣੇ ਵਿੱਚ ਤਸ਼ੱਦਦ ਕੀਤਾ ਅਤੇ ਬਬਲੀ ਨੂੰ ਉਸਦੇ ਮਾਤਾ-ਪਿਤਾ ਸਮੇਤ ਭੇਜ ਦਿੱਤਾ, ਉਦੋਂ ਤੋਂ ਬਬਲੀ ਦੀ ਕੋਈ ਖ਼ਬਰ ਨਹੀਂ ਹੈ। ਇਸੇ ਲਈ ਹੁਣ ਕਾਜਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਸਾਥੀ ਦੀ ਰਿਹਾਈ ਦੀ ਮੰਗ ਕੀਤੀ ਹੈ।
-