Amritsar 'ਚ 19 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ, ਮੁੱਖ ਸੰਚਾਲਕ ਸਮੇਤ ਚਾਰ ਮੁਲਜ਼ਮ ਗ੍ਰਿਫਤਾਰ
Amritsar News : ਅੰਮ੍ਰਿਤਸਰ 'ਚ ਸਰਹੱਦ ਪਾਰੋਂ ਤਸਕਰੀ ਨੈਟਵਰਕ 'ਤੇ ਵੱਡੀ ਕਾਰਵਾਈ ਕਰਦਿਆਂ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) , ਬਾਰਡਰ ਰੇਂਜ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ਿਆਂ ਦੀ ਸਪਲਾਈ ਚੇਨ ਦਾ ਪ੍ਰਬੰਧਨ ਕਰਨ ਵਾਲੇ ਮੁੱਖ ਸੰਚਾਲਕ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 19.980 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਹਿਬਜੀਤ ਸਿੰਘ ਉਰਫ਼ ਸਾਹਿਬ ਅਤੇ ਰਾਜਵਿੰਦਰ ਸਿੰਘ ਉਰਫ਼ ਗੋਲੂ, ਦੋਵੇਂ ਵਾਸੀ ਪੁਰਾਣਾ ਨਰਾਇਣਗੜ੍ਹ, ਅੰਮ੍ਰਿਤਸਰ; ਆਸ਼ੂ ਸ਼ਰਮਾ ਉਰਫ਼ ਆਸ਼ੂ ਵਾਸੀ ਛੇਹਰਟਾ, ਅੰਮ੍ਰਿਤਸਰ ਅਤੇ ਇੱਕ 17 ਸਾਲਾ ਨਾਬਾਲਗ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦੀ ਮਾਰੂਤੀ ਬ੍ਰੇਜ਼ਾ ਕਾਰ ਅਤੇ ਦੋ ਮੋਟਰਸਾਈਕਲਾਂ ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ ਅਧਾਰਤ ਹੈਂਡਲਰਾਂ ਨਾਲ ਜੁੜੇ ਹੋਏ ਸਨ ਅਤੇ ਪੂਰੇ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਡਿਲਿਵਰੀ ਅਤੇ ਵੰਡ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਹੈਂਡਲਰਾਂ ਦੀ ਪਛਾਣ ਕਰਨ, ਸਪਲਾਈ ਰੂਟਾਂ ਦਾ ਪਤਾ ਲਗਾਉਣ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਏਐਨਟੀਐਫ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਮੁਲਜ਼ਮ ਡਰੋਨ ਰਾਹੀਂ ਤਸਕਰੀ ਕੀਤੀ ਗਈ ਹੈਰੋਇਨ ਦੀ ਖੇਪ ਨੂੰ ਪ੍ਰਾਪਤ ਕਰਨ ਲਈ ਸਰਹੱਦੀ ਖੇਤਰ ਵੱਲ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਏਐਨਟੀਐਫ ਅਤੇ ਬੀਐਸਐਫ ਦੀ ਸਾਂਝੀ ਟੀਮ ਵੱਲੋਂ ਇੱਕ ਰਣਨੀਤਕ ਸਥਾਨ 'ਤੇ ਇੱਕ ਨਾਕਾ ਲਗਾਇਆ ਗਿਆ ਅਤੇ ਅਪਰਾਧ ਵਿੱਚ ਵਰਤੀ ਗਈ ਬ੍ਰੇਜ਼ਾ ਕਾਰ ਸਮੇਤ ਚਾਰੇ ਮੁਲਜ਼ਮਾਂ ਨੂੰ ਸਫਲਤਾਪੂਰਵਕ ਗਿਰਫਤਾਰ ਕਰ ਲਿਆ।
ਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸਿਆਂ ਦੇ ਆਧਾਰ 'ਤੇ, ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਭਿੰਡੀ ਸੈਦਾਂ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਬੀਓਪੀ ਘੋਗਾ ਵਿਖੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ, ਪਿੰਡ ਭਿੰਡੀ ਔਲਖ ਨੇੜੇ ਖੇਤਾਂ ਵਿੱਚੋਂ ਪੰਜ ਪੈਕੇਟਾਂ ਵਿੱਚ ਪੈਕ ਕੀਤੀ 19.980 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ, ਮਿਤੀ 6.01.2026 ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਥਾਣਾ ਏਐਨਟੀਐਫ, ਐਸਏਐਸ ਨਗਰ ਵਿਖੇ ਐਫਆਈਆਰ ਨੰਬਰ 06 ਤਹਿਤ ਕੇਸ ਦਰਜ ਕੀਤਾ ਗਿਆ ਹੈ।
In a major crackdown on trans-border smuggling, the Anti-Narcotics Task Force (#ANTF), Border Range, in a joint operation with the Border Security Force (#BSF), recovers 19.980 Kg Heroin and apprehended four accused, including the key operative managing the supply chain.… pic.twitter.com/SLWjHyq5S4 — DGP Punjab Police (@DGPPunjabPolice) January 6, 2026
- PTC NEWS