Mullanpur Dakha News : ਪਿੰਡ ਬੱਦੋਵਾਲ 'ਚ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਭੜਕੇ ਪਰਿਵਾਰਕ ਮੈਂਬਰਾਂ ਨੇ ਹਾਈਵੇ ਕੀਤਾ ਜਾਮ
Mullanpur Dakha News : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਬੱਦੋਵਾਲ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਨਾਲ ਪਿੰਡ 'ਚ ਹੜਕੰਪ ਮਚ ਗਿਆ ਹੈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਉਰਫ਼ ਜੋਬਨ ਵਜੋਂ ਹੋਈ ਹੈ। ਪਰਿਵਾਰ ਨੇ ਉਸਦੇ ਦੋਸਤਾਂ ’ਤੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਮਾਰਨ (Murder) ਦੇ ਗੰਭੀਰ ਦੋਸ਼ ਲਗਾਏ ਹਨ।
ਦੋਸਤਾਂ ਨਾਲ ਗਿਆ ਸੀ ਨੌਜਵਾਨ : ਪਿਤਾ
ਮ੍ਰਿਤਕ ਦੇ ਪਿਤਾ ਅਮਨਦੀਪ ਸਿੰਘ ਨੇ ਕਿਹਾ ਕਿ ਜਗਜੀਤ ਬੀਤੀ ਰਾਤ ਆਪਣੇ ਦੋਸਤਾਂ ਨਾਲ ਦੂਜੇ ਪਿੰਡ ਗਿਆ ਸੀ, ਜਿਸ ਪਿੱਛੋਂ ਸਵੇਰੇ ਪਰਿਵਾਰ ਨੂੰ ਫ਼ੋਨ ਆਇਆ ਕਿ, “ਉਹ ਉੱਠ ਨਹੀਂ ਰਿਹਾ।” ਜਦੋਂ ਜਗਜੀਤ ਸਿੰਘ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਅਮਨਦੀਪ ਸਿੰਘ ਦਾ ਇਲਜ਼ਾਮ ਹੈ ਕਿ ਸੂਚਨਾ ਦੇਣ ਬਾਵਜੂਦ ਪੁਲਿਸ ਘੰਟਿਆਂ ਤੱਕ ਮੌਕੇ ’ਤੇ ਨਹੀਂ ਪੁੱਜੀ। ਇਸ ਤੋਂ ਭੜਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲਾਸ਼ ਰੱਖ ਕੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਹਾਈਵੇ ਜਾਮ ਕਰ ਦਿੱਤਾ, ਜਿਸ ਨਾਲ ਕਰੀਬ ਇੱਕ ਘੰਟਾ ਆਵਾਜਾਈ ਠੱਪ ਰਹੀ।
ਜਾਮ ਦੌਰਾਨ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਅਲੀਵਾਲ ਵੀ ਮੌਕੇ ’ਤੇ ਫਸ ਗਏ। ਉਨ੍ਹਾਂ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਪੁਲਿਸ ਤੋਂ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਵੱਲੋਂ ਨਿਰਪੱਖ ਜਾਂਚ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਖਤਮ ਕਰਵਾਇਆ ਗਿਆ। ਲਾਸ਼ ਨੂੰ ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ਭੇਜਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
- PTC NEWS