Moga Elderly Women: 60 ਸਾਲਾ ਬਲਜੀਤ ਨੇ 10ਵੀਂ ਅਤੇ 53 ਸਾਲਾ ਗੁਰਮੀਤ ਨੇ 12ਵੀਂ ਪਾਸ ਕਰ ਮਿਸਾਲ ਕੀਤੀ ਕਾਇਮ
Moga Elderly Women: ਪੰਜਾਬ ਦੇ ਮੋਗਾ ਦੇ ਪਿੰਡ ਲੰਗੇਆਣਾ ਦੀਆਂ ਦੋ ਆਸ਼ਾ ਵਰਕਰ ਔਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਇਨ੍ਹਾਂ ਦੋਵਾਂ ਵਿੱਚੋਂ ਇੱਕ 53 ਸਾਲਾ ਆਸ਼ਾ ਵਰਕਰ ਨੇ 12ਵੀਂ ਪਾਸ ਕਰਕੇ ਮਿਸਾਲ ਕਾਇਮ ਕੀਤੀ ਹੈ ਅਤੇ ਦੂਜੀ 60 ਸਾਲਾ ਆਸ਼ਾ ਵਰਕਰ ਨੇ 10ਵੀਂ ਪਾਸ ਕਰਕੇ ਮਿਸਾਲ ਕਾਇਮ ਕੀਤੀ ਹੈ।
ਇਸ ਕਰ ਕੇ ਦੋਵੇਂ ਔਰਤਾਂ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੀਆਂ ਹਨ, ਜੋ ਕਿਸੇ ਕਾਰਨ ਪੜ੍ਹਾਈ ਨਹੀਂ ਕਰ ਸਕੇ ਪਰ ਮੌਕਾ ਮਿਲਣ 'ਤੇ ਦੋਵਾਂ ਔਰਤਾਂ ਨੇ ਮਿਸਾਲ ਕਾਇਮ ਕਰਦਿਆਂ ਸਪੱਸ਼ਟ ਕੀਤਾ ਕਿ ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਜੇ ਕੋਈ ਪੜ੍ਹਨਾ ਚਾਹੁੰਦਾ ਹੈ, ਤਾਂ ਉਹ ਕਿਸੇ ਵੀ ਉਮਰ 'ਚ ਪੜ੍ਹ ਸਕਦਾ ਹੈ। ਦੱਸ ਦਈਏ ਕਿ ਇਹ ਦੋਵੇਂ ਆਪਣੇ ਪੋਤੇ-ਪੋਤੀਆਂ ਦੇ ਨਾਲ ਘਰ 'ਚ ਇਕੱਠੇ ਪੜ੍ਹ ਕੇ ਆਪਣੇ ਸੁਪਨੇ ਸਾਕਾਰ ਕਰਨ 'ਚ ਕਾਮਯਾਬ ਹੋਈਆਂ ਹਨ।
ਹੁਣ 12ਵੀਂ ਪਾਸ ਕਰਨ ਦਾ ਇਰਾਦਾ
60 ਸਾਲਾ ਬੀਬੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਪੋਤੇ-ਪੋਤੀਆਂ ਹਨ ਅਤੇ ਉਹ ਪਿੰਡ ਵਿੱਚ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ। ਬਲਜੀਤ ਕੌਰ ਦਾ ਕਹਿਣਾ ਹੈ ਕਿ ਉਸ ਨਾਲ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ 10ਵੀਂ ਜਾਂ 12ਵੀਂ ਪਾਸ ਹਨ। ਉਸ ਨੂੰ ਵੀ ਪੜ੍ਹਾਈ ਦੀ ਘਾਟ ਮਹਿਸੂਸ ਹੋਈ ਅਤੇ ਉਸ ਨੇ ਸੋਚਿਆ ਕਿ ਮੈਨੂੰ ਵੀ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਨੇ 1976 'ਚ 8ਵੀਂ ਕਲਾਸ ਤੱਕ ਪੜ੍ਹਾਈ ਛੱਡ ਦਿੱਤੀ ਸੀ। ਉਸ ਦੇ ਮਨ ਵਿਚੋਂ ਪੜ੍ਹਾਈ ਕਰਨ ਦੀ ਇੱਛਾ ਖ਼ਤਮ ਨਹੀਂ ਹੋਈ।
ਇਹੀ ਕਾਰਨ ਹੈ ਕਿ 47 ਸਾਲਾਂ ਬਾਅਦ ਉਸ ਨੇ ਹਾਲ ਹੀ ਵਿਚ ਮੁੜ ਪੜ੍ਹਾਈ ਸ਼ੁਰੂ ਕੀਤੀ ਅਤੇ ਇਸ ਸਾਲ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਓਪਨ ਸਕੂਲ 'ਚ ਦਾਖਲਾ ਫਾਰਮ ਭਰ ਕੇ 60 ਸਾਲ ਦੀ ਉਮਰ ਵਿਚ 10ਵੀਂ ਪਾਸ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਜਦੋਂ ਕੁਝ ਦਿਨ ਪਹਿਲਾਂ ਨਤੀਜਾ ਆਇਆ ਤਾਂ ਉਸ ਨੇ 345 ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ। ਉਸ ਨੇ ਦੱਸਿਆ ਕਿ ਅੱਜ ਮੈਂ ਬਹੁਤ ਖੁਸ਼ ਹਾਂ। ਹੁਣ ਮੈਂ 12ਵੀਂ ਦਾ ਪੇਪਰ ਦੇਣੇ ਹਨ ਅਤੇ ਪਾਸ ਕਰਨੀ ਹੈ।
ਪੰਚਾਇਤ ਮੈਂਬਰ ਰਹਿ ਚੁੱਕੀ ਹੈ ਗੁਰਮੀਤ
53 ਸਾਲਾ ਬੀਬੀ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹ ਵੀ ਇੱਕ ਆਸ਼ਾ ਵਰਕਰ ਹੈ। ਦੋਵੇਂ ਇਕੱਠੀਆਂ ਕੰਮ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 1987 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਉਸਨੇ ਪੜ੍ਹਾਈ ਛੱਡ ਦਿੱਤੀ ਸੀ। ਹੁਣ 36 ਸਾਲ ਬਾਅਦ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ 53 ਸਾਲ ਦੀ ਉਮਰ ਵਿੱਚ 12ਵੀਂ ਵਿੱਚ 328 ਅੰਕ ਲੈ ਕੇ ਪਾਸ ਕੀਤੀ।
ਹੁਣ ਉਨ੍ਹਾਂ ਦੇ ਪੋਤੇ-ਪੋਤੀਆਂ ਵੀ ਹਨ। ਉਨ੍ਹਾਂ ਕਿਹਾ ਕਿ ਮੈਂ ਆਸ਼ਾ ਵਰਕਰ ਵਜੋਂ ਕੰਮ ਕਰਦੀ ਹਾਂ। ਮੈਂ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਰਹੀ ਹਾਂ। ਕਹਿੰਦੇ ਹਨ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਕੋਈ ਵੀ ਵਿਅਕਤੀ ਆਪਣੇ ਆਤਮ ਵਿਸ਼ਵਾਸ ਨੂੰ ਕਾਇਮ ਰੱਖ ਕੇ ਜਦੋਂ ਚਾਹੇ ਕੋਈ ਵੀ ਮੰਜ਼ਿਲ ਹਾਸਲ ਕਰ ਸਕਦਾ ਹੈ।
- PTC NEWS