'ਗ੍ਰਹਿ ਮੰਤਰੀ ਜੀ, ਮੇਰਾ ਇਨਸਾਫ਼ ਕਦੋਂ...', ਬਲਵੰਤ ਸਿੰਘ ਰਾਜੋਆਣਾ ਨੇ ਪਰਵਿੰਦਰ ਝੋਟਾ ਮਾਮਲੇ 'ਚ CBI ਜਾਂਚ ਵਿਚਾਲੇ ਕੀਤਾ ਸਵਾਲ
Balwant Singh Rajoana : ਪਰਵਿੰਦਰ ਸਿੰਘ ਝੋਟਾ ਮਾਮਲੇ ਵਿੱਚ ਸੀਬੀਆਈ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਦਸੰਬਰ ਨੂੰ ਪੰਜਾਬ ਦੌਰੇ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ, ਸੀਬੀਆਈ ਨੇ ਕਾਰਵਾਈ ਤੇਜ਼ ਕਰਦੇ ਹੋਏ ਮਾਮਲੇ ਵਿੱਚ ਐਫਆਈਆਰ ਵੀ ਦਰਜ ਕਰ ਦਿੱਤੀ ਹੈ। ਇਸ ਸਭ ਵਿਚਾਲੇ ਬੰਦੀ ਸਿੱਖ ਬਲਵੰਤ ਸਿੰਘ ਰਾਜੋਆਣਾ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਮਾਮਲੇ ਵਿੱਚ ਕਦੋਂ ਇਨਸਾਫ਼ ਹੋਵੇਗਾ ?
ਜਾਣਕਾਰੀ ਅਨੁਸਾਰ, ਅੱਜ ਬਲਵੰਤ ਸਿੰਘ ਰਾਜੋਆਣਾ ਦੀ ਅੱਖ ਦਾ ਪੀਜੀਆਈ 'ਚ ਅਪ੍ਰੇਸ਼ਨ ਹੋਇਆ ਹੈ। ਆਪਰੇਸ਼ਨ ਕਰਾਉਣ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਬਲਵੰਤ ਸਿੰਘ ਰਾਜੋਆਣਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਹ ਕਦੋਂ ਮੇਰਾ ਇਨਸਾਫ ਕਰਨਗੇ? ਇਸ ਦੇ ਨਾਲ ਹੀ, ਉਹਨਾਂ ਨੇ ਕਿਹਾ ਕਿ ਉਹ ਪਰਵਿੰਦਰ ਸਿੰਘ ਝੋਟਾ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ।
ਜਾਣਕਾਰੀ ਅਨੁਸਾਰ, ਪਟਿਆਲਾ ਜੇਲ੍ਹ ਤੋਂ ਇਲਾਜ ਲਈ ਲਿਆਂਦੇ ਗਏ ਬਲਵੰਤ ਸਿੰਘ ਰਾਜੋਆਣਾ ਦੀ ਖੱਬੀ ਅੱਖ 'ਚ ਲੈਂਜ ਪਾਇਆ ਗਿਆ ਹੈ।
ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਰਾਹੀਂ ਪੀਐਮ ਮੋਦੀ ਨੂੰ ਕੀ ਅਪੀਲ ਕੀਤੀ ?
ਦੱਸ ਦਈਏ ਕਿ ਇਸਤੋਂ ਪਹਿਲਾਂ 17 ਸਤੰਬਰ ਨੂੰ ਵੀ 31 ਸਾਲ ਤੋਂ ਪੰਜਾਬ ਦੀ ਪਟਿਆਲਾ ਜੇਲ੍ਹ 'ਚ ਬੰਦੀ ਸਿੱਖ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਚਿੱਠੀ ਲਿਖੀ ਸੀ।
ਰਾਜੋਆਣਾ ਨੇ ਕਿਹਾ ਸੀ, “ਫਾਂਸੀ ਦੀ ਸਜ਼ਾ ਨਾਲ ਸਬੰਧਤ ਅਪੀਲ ਪਿਛਲੇ ਤਕਰੀਬਨ 15 ਸਾਲਾਂ ਤੋਂ ਤੁਹਾਡੀ ਸਰਕਾਰ ਕੋਲ ਵਿਚਾਰ ਅਧੀਨ ਹੈ। ਤੁਸੀਂ 2019 ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਉਸ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ। ਦੇਸ਼ ਦੀ ਸੁਪਰੀਮ ਕੋਰਟ ਪਿਛਲੇ 6 ਸਾਲਾਂ ਤੋਂ ਤੁਹਾਡੀ ਇਸ ਅਪੀਲ ’ਤੇ ਫੈਸਲਾ ਲੈਣ ਲਈ ਵੱਖ-ਵੱਖ ਆਦੇਸ਼ ਜਾਰੀ ਕਰ ਰਹੀ ਹੈ, ਪਰ ਤੁਹਾਡੀ ਸਰਕਾਰ ਫਿਰ ਵੀ ਇਸ ਅਪੀਲ ’ਤੇ ਫੈਸਲਾ ਨਹੀਂ ਕਰ ਰਹੀ। ਤੁਸੀਂ 2023 ਵਿੱਚ ਸੁਪਰੀਮ ਕੋਰਟ ਵਿੱਚ ਇਹ ਹਲਫ਼ਨਾਮਾ ਦਾਖਲ ਕਰਕੇ ਕਿਹਾ ਸੀ ਕਿ ਫੈਸਲਾ ਟਾਲਣ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਜਿਹੜਾ ਇਨਸਾਨ ਪਿਛਲੇ 31 ਸਾਲਾਂ ਤੋਂ ਤੁਹਾਡੀ ਹਿਰਾਸਤ ਵਿੱਚ ਹੈ, ਜਿਸ ਦੇ ਪਲ-ਪਲ ਦੀ ਜਾਣਕਾਰੀ ਤੁਹਾਡੇ ਕੋਲ ਹੈ, ਫਿਰ ਵੀ ਤੁਸੀਂ ਕਹਿੰਦੇ ਹੋ ਕਿ ਇਸ ਦੀ ਅਪੀਲ ’ਤੇ ਫੈਸਲਾ ਟਾਲਣ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਕੀ ਪਰਮਾਣੂ ਸ਼ਕਤੀ ਵਾਲੇ ਦੇਸ਼ ਦੀ ਸੁਰੱਖਿਆ ਇੰਨੀ ਕਮਜ਼ੋਰ ਹੈ ਕਿ ਇੱਕ ਫੈਸਲੇ ਨਾਲ ਖ਼ਤਰੇ ਵਿੱਚ ਪੈ ਜਾਵੇਗੀ? ਤੁਹਾਡੀ ਇਸ ਦਲੀਲ ’ਤੇ ਕੋਈ ਵੀ ਯਕੀਨ ਨਹੀਂ ਕਰ ਪਾ ਰਿਹਾ।''
ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਚਿੱਠੀ 'ਚ ਪੰਜਾਬ ਵਿੱਚ ਏਜੰਸੀਆਂ ਦੀ ਕਾਰਗੁਜ਼ਾਰੀ ਅਤੇ ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਵੀ ਆਪਣੇ ਪੱਤਰ ਵਿੱਚ ਕਈ ਸਵਾਲ ਚੁੱਕੇ ਸਨ। ਪੱਤਰ ਦੇ ਅੰਤ ਵਿੱਚ ਰਾਜੋਆਣਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਰਹਿਮ ਦੀ ਅਪੀਲ 'ਤੇ ਹੋਰ ਦੇਰੀ ਨਾ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਜਲਦ ਤੋਂ ਜਲਦ ਅੰਤਿਮ ਫ਼ੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਫਾਂਸੀ ਦੇਣ ਦਾ ਫ਼ੈਸਲਾ ਕਰਦੀ ਹੈ ਤਾਂ ਵੀ ਇਸ ਮਾਮਲੇ ਨੂੰ ਹੋਰ ਲੰਬਾ ਨਾ ਖਿੱਚਿਆ ਜਾਵੇ।
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਯਤਨ ਕੀਤੇ ਜਾ ਰਹੇ ਹਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ 'ਤੇ ਹੁਣ ਮੁੜ 11 ਮੈਂਬਰੀ ਕਮੇਟੀ ਵੱਲੋਂ ਰਿਹਾਈ ਲਈ ਮੁੜ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ।
ਇਹ ਵੀ ਪੜ੍ਹੋ...CM ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ 'ਤੇ 3 ਘੰਟੇ ਲਈ ਰੋਕਿਆ ਗਿਆ ! 50000 ਰੁਪਏ ਦਾ ਲੱਗਿਆ ਕਸਟਮ ਟੈਕਸ, ਜਾਣੋ ਕਿਉਂ ?
- PTC NEWS