Bathinda bomb blast Case : ਜੀਦਾ ਬਲਾਸਟ ਮਾਮਲੇ 'ਚ ਆਰੋਪੀ ਨੇ ਆਪਣਾ ਜੁਰਮ ਕੀਤਾ ਕਬੂਲ , ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ
Bathinda bomb blast Case : ਬਠਿੰਡਾ ਦੇ ਪਿੰਡ ਜੀਦਾ ਬੰਬ ਧਮਾਕੇ ਮਾਮਲੇ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਅੱਜ ਮੁੜ ਬਠਿੰਡਾ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਜਿੱਥੇ ਆਰੋਪੀ ਨੇ ਆਪਣਾ ਜੁਰਮ ਕਬੂਲ ਕਰ ਲਿਆ,ਜਿਸ ਦੇ ਚਲਦੇ ਮਾਨਯੋਗ ਕੋਰਟ ਨੇ ਆਰੋਪੀ ਗੁਰਪ੍ਰੀਤ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਮੁਲਜ਼ਮ ਗੁਰਪ੍ਰੀਤ ਸਿੰਘ ਨੇ ਅਦਾਲਤ 'ਚ ਆਪਣੇ ਇਕਬਾਲੀਆ ਬਿਆਨ ਦਰਜ ਕਰਵਾਏ ਹਨ। ਗੁਰਪ੍ਰੀਤ ਸਿੰਘ ਪਿੰਡ ਜੀਦਾ ਵਿਖੇ ਆਪਣੇ ਘਰ 'ਚ ਬੰਬ ਬਣਾ ਰਿਹਾ ਸੀ।
ਫਿਲਹਾਲ ਆਰੋਪੀ ਦਾ ਪੁਲਿਸ ਰਿਮਾਂਡ 30 ਸਤੰਬਰ ਨੂੰ ਖਤਮ ਹੋਣਾ ਸੀ ਪਰੰਤੂ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ 29 ਸਤੰਬਰ ਨੂੰ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਕੋਰਟ 'ਚ ਪੇਸ਼ ਕੀਤਾ ਸੀ ਅਤੇ ਆਰੋਪੀ ਨੇ ਆਪਣਾ ਜੁਰਮ ਕਬੂਲ ਕਰ ਲਿਆ। ਜਦੋਂ 29 ਸਤੰਬਰ ਨੂੰ ਪੁਲਿਸ ਦੀ ਟੀਮ ਆਰੋਪੀ ਨੂੰ ਛੱਡਣ ਲਈ ਬਠਿੰਡਾ ਜੇਲ੍ਹ ਗਈ ਪਰ ਲੇਟ ਹੋਣ ਕਾਰਨ ਜੇਲ੍ਹ ਪ੍ਰਸ਼ਾਸ਼ਨ ਨੇ ਅਰੋਪੀ ਨੂੰ ਵਾਪਸ ਭੇਜ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਅੱਜ 30 ਸਤੰਬਰ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ। ਜਿੱਥੇ ਇਹ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਰਹੇਗਾ।
ਜਾਣੋ ਕੀ ਹੈ ਪੂਰਾ ਮਾਮਲਾ
ਬਠਿੰਡਾ ਦੇ ਪਿੰਡ ਜੀਦਾ ਵਿਖੇ ਗੁਰਪ੍ਰੀਤ ਸਿੰਘ ਨੇ 10 ਸਤੰਬਰ ਨੂੰ ਆਨਲਾਈਨ ਧਮਾਕੇਖੇਜ਼ ਸਮੱਗਰੀ ਮੰਗਵਾਈ ਸੀ। ਸਮੱਗਰੀ ਨਾਲ ਕੰਮ ਕਰਦੇ ਸਮੇਂ ਅਚਾਨਕ ਹੋਏ ਧਮਾਕੇ ਵਿੱਚ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ ਸੀ। ਉਸਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੁਪਹਿਰ ਸਮੇਂ ਜ਼ਖ਼ਮੀ ਦਾ ਪਿਤਾ ਹਸਪਤਾਲ ਤੋਂ ਆਪਣੇ ਘਰ ਆਇਆ ਸੀ। ਜਦੋਂ ਉਹ ਘਟਨਾ ਵਾਲੀ ਥਾਂ ਤੋਂ ਪੋਟਾਸ਼ ਨੂੰ ਪਾਸੇ ਕਰਨ ਲੱਗਾ ਤਾਂ ਅਚਾਨਕ ਦੂਜਾ ਧਮਾਕਾ ਹੋਇਆ ,ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ ਸੀ।
ਬਲਾਸਟ ਮਾਮਲੇ 'ਚ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਨਾਮ ਦੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਗੁਰਪ੍ਰੀਤ ਸਿੰਘ ਵੱਲੋਂ ਆਨਲਾਈਨ ਕੈਮੀਕਲ ਪਦਾਰਥ ਮੰਗਵਾਏ ਗਏ ਸਨ ਅਤੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀ। ਯੂਟਿਊਬ ਦੇ ਜ਼ਰੀਏ ਗੁਰਪ੍ਰੀਤ ਸਿੰਘ ਵੱਲੋਂ ਘਰ ਦੇ ਵਿੱਚ ਕੈਮੀਕਲ ਨਾਲ ਸਮਾਨ ਤਿਆਰ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦੇ ਬਲਾਸਟ ਹੋਣ 'ਤੇ ਉਹ ਜ਼ਖ਼ਮੀ ਹੋਇਆ। ਜਿਸ ਮਗਰੋਂ ਗੁਰਪ੍ਰੀਤ ਸਿੰਘ ਨੂੰ ਪਹਿਲਾਂ 7 ਦਿਨ ਦੇ ਅਤੇ ਫ਼ਿਰ 5 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ
- PTC NEWS