Amritsar News : ਬਾਵਾ ਗੁਰਿੰਦਰ ਸਿੰਘ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਕੀਤਾ ਨਾਮਜਦ
Amritsar News : ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਮੁੰਬਈ ਦੇ ਸਿੱਖ ਆਗੂ , ਸ਼ੋ੍ਮਣੀ ਕਮੇਟੀ ਮੈਂਬਰ ਅਤੇ ਚੀਫ਼ ਖਾਲਸਾ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਨੂੰ ਦੀਵਾਨ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਨਾਮਜਦ ਕਰਨ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾਕਟਰ ਨਿੱਜਰ ਨੇ ਕਿਹਾ ਕਿ ਦੀਵਾਨ ਵਲੋ ਪਹਿਲਾਂ ਸੁਰਿੰਦਰ ਸਿੰਘ ਰੁਮਾਲੇ ਵਾਲੇ ਬਤੌਰ ਮੈਂਬਰ ਸੇਵਾ ਨਿਭਾਉਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਖਾਲੀ ਪਈ ਇਸ ਸੀਟ ਲਈ ਬਾਵਾ ਗੁਰਿੰਦਰ ਸਿੰਘ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬਧੀ ਤਖ਼ਤ ਸਾਹਿਬ ਬੋਰਡ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ।
ਉਧਰ ਬਾਵਾ ਗੁਰਿੰਦਰ ਸਿੰਘ ਨੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਤੌਰ ਮੈਂਬਰ ਆਪਣੇ ਜਿੰਮੇ ਲੱਗੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਐਲਾਨ ਕੀਤਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਖ਼ਾਲਸਾ ਕਾਲਜ ਮਟੰੂਗਾ ਮੁੰਬਈ ਦੀ ਤਰਜ ਤੇ ਬਹੁਕਰੋੜੀ ਪ੍ਰੋਜੈਕਟ ਚਾਰ ਸਾਹਿਬਜਾਦੇ ਐਮ ਆਰ ਆਈ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ ਤੇ ਲੋੜਵੰਦ ਮਰੀਜਾਂ ਨੂੰ ਸਸਤੇ ਇਲਾਜ ਦੀਆਂ ਸਹੂਲਤਾਂ ਮੁਹਇਆ ਕਰਵਾਈਆਂ ਜਾਣਗੀਆਂ।
ਉਨਾਂ ਚੀਫ਼ ਖਾ਼ਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਬਾਰੇ ਗੱਲ ਕਰਦਿਆਂ ਕਿਹਾ ਕਿ ਡਾਕਟਰ ਨਿੱਜਰ ਇਕ ਸੱਚੇ ਸੁਚੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹਨ ਤੇ ਉਹ ਦੀਵਾਨ ਨੂੰ ਸਿੱਖੀ ਸਿਧਾਤਾਂ ਮੁਤਾਬਿਕ ਸੇਵਾ ਸਿਮਰਨ ਤੇ ਵਿੱਦਿਆ ਦਾਨ ਦੀ ਭਾਵਨਾ ਨਾਲ ਚਲਾ ਰਹੇ ਹਨ। ਦੀਵਾਨ ਨੂੰ ਲੰਮੇ ਬਾਅਦ ਇਕ ਸੂਝਵਾਨ, ਦੂਰ ਅੰਦੇਸ਼ ਤੇ ਪੜਿਆ ਲਿਖਿਆ ਪ੍ਰਧਾਨ ਮਿਲਿਆ ਹੈ।
ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਡਾਕਟਰ ਨਿੱਜਰ ਦੀ ਅਗਵਾਈ ਹੇਠ ਦੀਵਾਨ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ। ਉਨਾ ਕਿਹਾ ਕਿ ਦੀਵਾਨ ਦੇ ਕਿਸੇ ਇਕ ਮੈਂਬਰ ਵਿਚ ਵੀ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਿਕ ਕੋਈ ਕਮੀ ਹੈ ਤਾਂ ਉਹ ਪੰਜ ਪਿਆਰੇ ਸਿੰਘਾਂ ਪਾਸ ਪੇਸ਼ ਹੋ ਕੇ ਆਪਣੀ ਭੁੱਲ ਬਖ਼ਸ਼ਾ ਸਕਦਾ ਹੈ। ਬਾਵਾ ਗੁਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਨਿੱਜਰ ਦੀ ਦੂਰਅੰਦੇਸ਼ੀ ਦਾ ਪਤਾ ਇਸ ਗਲ ਤੋਂ ਹੀ ਲੱਗ ਜਾਂਦਾ ਹੈ ਕਿ ਉਨਾਂ ਦੀਵਾਨ ਦੇ 63 ਮੈਂਬਰਾਂ ਦੀ ਮੁੜ ਬਹਾਲੀ ਕਰਕੇ ਪੰਥ ਤੇ ਦੀਵਾਨ ਦੀ ਏਕਤਾ ਨੂੰ ਕਾਇਮ ਰਖਿਆ।
- PTC NEWS