Kotkapura News : ਸੋਨੋ ਦੇ ਗਹਿਣੇ ਬਣਾਉਣ ਵਾਲੇ ਬੰਗਾਲੀ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ
Kotkapura News : ਕੋਟਕਪੂਰਾ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ ਮਹਿਰਾਜ ਉਦੀਨ (48) ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਸੂਚਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮਹਿਰਾਜ ਉਦੀਨ ਆਪਣੇ ਪਰਿਵਾਰ ਸਮੇਤ ਕੋਟਕਪੂਰਾ ਦੇ ਮੇਨ ਬਾਜ਼ਾਰ ਵਿੱਚ ਇੱਕ ਘਰ ਵਿਖੇ ਕਿਰਾਏ 'ਤੇ ਰਹਿੰਦਾ ਸੀ ਅਤੇ ਇਸ ਘਰ ਵਿਚ ਹੀ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਉਹ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਪੱਛਮੀ ਬੰਗਾਲ ਛੱਡ ਕੇ ਆਇਆ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਘਰ ਵਿੱਚ ਛੱਤ 'ਤੇ ਲਟਕਦੀ ਹੋਈ ਵੇਖੀ ਗਈ।
ਸੂਚਨਾ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਚਮਕੌਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਉਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਅਗਲੀ ਕਾਰਵਾਈ ਪਰਿਵਾਰ ਦੇ ਆਉਣ ਤੋਂ ਬਾਅਦ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਜੇਬ 'ਚੋਂ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜੋ ਕਿ ਬੰਗਾਲੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ, ਜਿਸ ਦੇ ਅਧਾਰ 'ਤੇ ਪੁਲਿਸ ਅਗਲੀ ਕਾਰਵਾਈ ਕਰੇਗੀ।
ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਜਵੈਲਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਜੋੜਾ ਨੇ ਦੱਸਿਆ ਕਿ ਇਹ ਵਿਅਕਤੀ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ ਅਤੇ ਪਿਛਲੇ ਦੋ ਢਾਈ ਸਾਲਾਂ ਤੋਂ ਕੋਟਕਪੂਰਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ ਥਾਣਾ ਸਿਟੀ ਦੇ ਐਸਐਚਓ ਚਮਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਨਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- PTC NEWS