Bhagat Singh Birthday Special: ਦੇਸ਼ ਨੂੰ ਗ਼ੁਲਾਮੀ ਦੇ ਜੂਲ੍ਹੇ ਤੋਂ ਮੁਕਤ ਕਰਵਾਉਣ ਵਾਲੇ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
Bhagat Singh Birthday: ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ ਲੋਕਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ , ਜਿਸ ਕਰ ਕੇ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਜਦੋਂ ਵੀ ਕਿਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦਾ ਨਾਂਅ ਆਉਂਦਾ ਹੈ ,ਜਿਸ ਨੂੰ ਬਚਪਨ ਤੋਂ ਹੀ ਆਜ਼ਾਦੀ ਦੀ ਲੜਾਈ ਲੜਨ ਦਾ ਚਾਹ ਦਿਲ ਵਿੱਚ ਉੱਠ ਪਿਆ ਸੀ। ਅੱਜ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ। ਉਸਦੇ ਵਾਰਸ ਅੱਜ ਜਗ੍ਹਾ -ਜਗ੍ਹਾ ਨਾਟਕ ਕਰਵਾ ਕੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਹੇ ਹਨ।
ਸ਼ਹੀਦ ਭਗਤ ਸਿੰਘ ਦਾ ਜਨਮ ਇੱਕ ਕ੍ਰਾਂਤੀਕਾਰੀ ਪਰਿਵਾਰ 'ਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907, ਚੱਕ ਨੰਬਰ 105 ਪਿੰਡ ਬੰਗਾ, ਜਿਲਾਂ ਲਾਇਲਪੁਰ (ਪਾਕਿਸਤਾਨ) 'ਚ ਹੋਇਆ ਸੀ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਨਵਾਂ ਸ਼ਹਿਰ (ਪੰਜਾਬ) 'ਚ ਸਥਿਤ ਹੈ, ਜਿਸ ਦਾ ਨਾਂ ਬਦਲ ਕੇ 'ਸ਼ਹੀਦ ਭਗਤ ਸਿੰਘ ਨਗਰ' ਰੱਖ ਦਿੱਤਾ ਗਿਆ ਹੈ। ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਭਾਰਤ ਦੇ ਇਕ ਪ੍ਰਮੁੱਖ ਆਜ਼ਾਦੀ ਘੁਲਾਟੀਏ ਸਨ।
ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਪਰਿਵਾਰ ਵਿੱਚੋ ਹੀ ਮਿਲੀ ਸੀ। ਸਰਦਾਰ ਅਰਜਨ ਸਿੰਘ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਸਨ ,ਜੋ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਜਿਸ ਦਾ ਪ੍ਰਭਾਵ ਉਸ ਸਮੇਂ ਵਾਹੀਕਾਰਾ ਅਤੇ ਫ਼ੌਜ਼ੀਆ 'ਤੇ ਵੀ ਪਿਆ ਸੀ। ਜਿਸ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ ਹੈ। ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ।
ਇਸ ਤੋਂ ਇਲਾਵਾ ਭਗਤ ਸਿੰਘ ਦੇ ਮਨ 'ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ। ਭਗਤ ਸਿੰਘ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ। ਇਸੇ ਦੇ ਨਾਲ ਹੀ ਜਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਨੇ ਸਰਦਾਰ ਭਗਤ ਸਿੰਘ ਦੇ ਮਨ 'ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਨ੍ਹਾਂ ਨੇ ਜਲ੍ਹਿਆਵਾਲੇ ਬਾਗ ਦੀ ਖੂਨ ਨਾਲ ਭਿੱਜੀ ਮਿੱਟੀ ਆਪਣੇ ਕੋਲ ਰੱਖ ਲਈ। ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਅੰਗਰੇਜ਼ਾਂ ਖਿਲਾਫ਼ ਨਫਰਤ ਦੀ ਭਾਵਨਾ ਪੈਦਾ ਹੋ ਗਈ। ਜਿਸ ਤੋਂ ਬਾਅਦ ਭਗਤ ਸਿੰਘ ਨੇ 1921 'ਚ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ 'ਨਾ-ਮਿਲਵਰਤਨ ਲਹਿਰ' 'ਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਕੁੱਝ ਕਾਰਨਾਂ ਕਰਕੇ ਉਹ ਲਹਿਰ' ਪੂਰੀ ਨਾ ਹੋ ਸਕੀ ਅਤੇ ਭਗਤ ਸਿੰਘ ਨੇ 1921-22 ਦੌਰਾਨ ਨੈਸ਼ਨਲ ਕਾਲਜ ਲਾਹੌਰ 'ਚ ਪੜ੍ਹਦਿਆ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।
ਜਦੋਂ 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ ਤਾਂ ਉਸ ਦੇ ਖਿਲਾਫ ਕ੍ਰਾਂਤੀਕਾਰੀ ਲੋਕਾਂ ਨੇ ਇੱਕ ਜਲੂਸ ਕੱਢਿਆ ,ਜਿਸ ਵਿੱਚ ਅੰਗਰੇਜਾਂ ਦੇ ਲਾਠੀਚਾਰਜ ਕਾਰਨ ਲਾਲਾ ਲਾਜਪਤ ਰਾਏ ਦੇ ਸਿਰ 'ਚ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਸਕਾਟ ਦੀ ਥਾਂ ਜੇ.ਪੀ. ਸਾਂਡਰਸ ਨੂੰ ਗੋਲੀ ਮਾਰੀ ਸੀ।ਇਸ ਤੋਂ ਬਾਅਦ ਭਗਤ ਸਿੰਘ ਨੇ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲ ਕੇ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਖਿਲਾਫ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ 'ਚ ਖਾਲੀ ਥਾਂ 'ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣਾ ਸੀ। ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਆਪਣੀ ਇੱਛਾ ਨਾਲ ਪੁਲਿਸ ਨੂੰ ਗ੍ਰਿਫਤਾਰੀ ਦਿੱਤੀ।
ਇਸ ਦੇ ਬਾਅਦ 10 ਜੂਨ 1929 ਨੂੰ ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਅਸੈਂਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਭਗਤ ਸਿੰਘ ਨੂੰ ਮੀਆਂਵਾਲੀ ਜੇਲ ਅਤੇ ਬੀ.ਕੇ. ਦੱਤ ਨੂੰ ਕੇਂਦਰੀ ਜੇਲ ਲਾਹੌਰ 'ਚ ਬਦਲ ਦਿੱਤਾ ਗਿਆ। 25 ਜੂਨ 1929 ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਸਬੰਧ 'ਚ ਕੇਂਦਰੀ ਜੇਲ ਲਾਹੌਰ ਭੇਜ ਦਿੱਤਾ ਗਿਆ ਸੀ ਅਤੇ 10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ ਸੀ। ਇਸ ਦੌਰਾਨਜੇਲ੍ਹ ਵਿੱਚ ਕ੍ਰਾਂਤੀਕਾਰੀ ਕੈਦੀਆਂ ਦੀ ਹਾਲਾਤ ਬਦ ਤੋਂ ਬਹੱਤਰ ਸੀ, ਜਿਸ ਨੂੰ ਵੇਖ ਨੇ ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਮਾੜੇ ਖਾਣੇ ,ਮਾੜੇ ਵਤੀਰੇ ਅਤੇ ਆਪਣੀਆਂ ਕੁੱਝ ਮੰਗਾ ਲਈ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ। ਇਹ ਇੱਕ ਬਹੁਤ ਲੰਬੀ ਤੇ ਕਠੋਰ ਭੁੱਖ ਹੜਤਾਲ ਸੀ, ਜਿਸ ਵਿੱਚ ਜਤਿੰਦਰ ਨਾਥ ਸ਼ਹੀਦ ਹੋ ਗਏ ਪਰ ਇਸ ਤੋਂ ਬਾਅਦ ਸਾਰੀਆਂ ਮੰਗਾਂ ਅੰਗਰੇਜ਼ੀ ਹਕੂਮਤ ਨੇ ਮੰਨ ਲਈਆਂ ਸੀ, ਜਿਸ ਵਿੱਚ ਕੈਦੀਆਂ ਨੂੰ ਜੇਲ੍ਹ ਵਿੱਚ ਕਿਤਾਬਾਂ ਪੜ੍ਹਨ ਦਾ, ਲਿਖਣ ਦਾ ਹੱਕ ਮਿਲਿਆ। ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਰਹਿ ਕੇ ਬੜਾ ਕੁੱਝ ਪੜ੍ਹਿਆ ਅਤੇ ਲਿਖਿਆ ਹੈ।
ਜਿਵੇਂ -ਜਿਵੇਂ ਸ਼ਹੀਦ ਭਗਤ ਸਿੰਘ ਲਈ ਲੋਕਾਂ ਦਾ ਪਿਆਰ ਵੱਧ ਰਿਹਾ ਸੀ, ਓਥੇ ਹੀ ਅੰਗਰੇਜ਼ੀ ਹਕੂਮਤ ਦੇ ਦਿਲਾਂ ਵਿੱਚ ਡਰ ਵੱਧ ਰਿਹਾ ਸੀ ਤੇ ਅੰਤ ਵਿੱਚ ਸ਼ਹੀਦ ਭਗਤ ਸਿੰਘ ਦੇ ਮੁਕੱਦਮੇ ਤੇ ਫ਼ੈਸਲਾ ਸੁਣਾਉਂਦੇ ਹੋਏ ਸ਼ਹੀਦ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇਣ ਦੀ ਤਾਰੀਕ 24 ਮਾਰਚ 1931 ਤੈਅ ਕੀਤੀ ਗਈ ਸੀ ਪਰ ਲੋਕਾਂ ਦੀ ਭੀੜ ਤੋਂ ਡਰਦਿਆਂ ਅੰਗਰੇਜਾਂ ਨੇ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ 23 ਮਾਰਚ 1931 ਦੀ ਸ਼ਾਮ 7.30 ਵਜੇ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੇਣ ਦਾ ਸਮਾਂ ਹੋਇਆ ਤਾਂ ਉਸ ਸਮੇਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਚੱਲ ਪਏ ਸਨ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ 'ਤੇ ਜਲ੍ਹਾ ਦਿੱਤੀਆਂ ਗਈਆਂ ਸਨ।
- PTC NEWS