Mon, Jun 16, 2025
Whatsapp

ਕੈਨੇਡੀਆਈ ਨਾਗਰਿਕਾਂ ਲਈ ਵੀਜ਼ਾ ਬੰਦ ਦੇ ਫੈਸਲੇ ’ਤੇ ਭਗਵੰਤ ਮਾਨ ਦੀ ਚੁੱਪੀ ਪੰਜਾਬੀਆਂ ਨੂੰ ਪੈ ਰਹੀ ਬਹੁਤ ਮਹਿੰਗੀ: ਅਕਾਲੀ ਦਲ

Reported by:  PTC News Desk  Edited by:  Jasmeet Singh -- October 09th 2023 06:11 PM
ਕੈਨੇਡੀਆਈ ਨਾਗਰਿਕਾਂ ਲਈ ਵੀਜ਼ਾ ਬੰਦ ਦੇ ਫੈਸਲੇ ’ਤੇ ਭਗਵੰਤ ਮਾਨ ਦੀ ਚੁੱਪੀ ਪੰਜਾਬੀਆਂ ਨੂੰ ਪੈ ਰਹੀ ਬਹੁਤ ਮਹਿੰਗੀ: ਅਕਾਲੀ ਦਲ

ਕੈਨੇਡੀਆਈ ਨਾਗਰਿਕਾਂ ਲਈ ਵੀਜ਼ਾ ਬੰਦ ਦੇ ਫੈਸਲੇ ’ਤੇ ਭਗਵੰਤ ਮਾਨ ਦੀ ਚੁੱਪੀ ਪੰਜਾਬੀਆਂ ਨੂੰ ਪੈ ਰਹੀ ਬਹੁਤ ਮਹਿੰਗੀ: ਅਕਾਲੀ ਦਲ

ਚੰਡੀਗੜ੍ਹ: ਭਾਰਤ ਵੱਲੋਂ ਕੈਨਡੀਅਨ ਨਾਗਰਿਕਾਂ ਲਈ ਵੀਜ਼ੇ ਬੰਦ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਫੈਸਲੇ ’ਤੇ ਚੁੱਪੀ ਪੰਜਾਬੀਆਂ ਲਈ ਬਹੁਤ ਮਹਿੰਗੀ ਸਾਬਤ ਹੋ ਰਹੀ ਹੈ ਤੇ ਇਸ ਫੈਸਲੇ ਨਾਲ ਹਜ਼ਾਰਾਂ ਪੰਜਾਬੀਆਂ ਦੇ ਜੀਵਨ ਪ੍ਰਭਾਵਤ ਹੋ ਰਹੇ ਹਨ ਤੇ ਫੈਸਲੇ ਕਾਰਨ ਪੰਜਾਬ ਵੱਡੇ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਲਈ ਵੀਜ਼ੇ ਰੋਕਣ ਦਾ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਕੈਨਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਪਰਿਵਾਰ ਰਹਿੰਦੇ ਹਨ ਜੋ ਹੁਣ ਕੈਨੇਡੀਅਨ ਨਾਗਰਿਕ ਹਨ ਪਰ ਉਹ ਆਪਣੇ ਵਿਆਹ ਪੰਜਾਬ ਆ ਕੇ ਕਰਨ ਨੂੰ ਤਰਜੀਹ ਦਿੰਦੇ ਹਨ। ਉਹਨਾਂ ਤੋਂ ਇਲਾਵਾ ਅਜਿਹੇ ਵੀ ਪਰਿਵਾਰ ਹਨ ਜੋ ਮੈਡੀਕਲ ਇਲਾਜ ਵਾਸਤੇ ਇਥੇ ਆਉਂਦੇ ਹਨ ਕਿਉਂਕਿ ਭਾਰਤ ਵਿਚ ਮੈਡੀਕਲ ਇਲਾਜ ਸਸਤਾ ਹੈ ਤੇ ਫਿਰ ਹੋਰ ਪਰਿਵਾਰ ਹਨ ਜਿਹਨਾਂ ਨੂੰ ਅਚਨਚੇਤ ਆਉਣਾ ਪੈਂਦਾ ਹੈ।


ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ’ਤੇ ਹੈਰਾਨੀਜਨਕ ਤਰੀਕੇ ਨਾਲ ਚੁੱਪੇ ਹਨ ਜਦੋਂ ਕਿ ਵੀਜ਼ਾ ਬੰਦ ਕਰਨ ਦੇ ਫੈਸਲੇ ਨੂੰ 15 ਦਿਨਾਂ ਤੋਂ ਵੱਧ ਲੰਘ ਚੁੱਕੇ ਹਨ।

ਉਹਨਾਂ ਕਿਹਾ ਕਿ ਸਿਰਫ ਇਕ ਘਟਨਾ ਕਾਰਨ ਲਿਆ ਭਾਰਤ ਦਾ ਫੈਸਲਾ ਪੰਜਾਬੀਆਂ ਲਈ ਬਹੁਤ ਵਿਤਕਰੇਭਰਪੂਰ ਸਾਬਤ ਹੋ ਰਿਹਾ ਹੈ ਤੇ ਭਗਵੰਤ ਮਾਨ ਦੀ ਇਸ ਮਾਮਲੇ ’ਤੇ ਚੁੱਪੀ ਦਰਸਾਉਂਦੀ ਹੈ ਕਿ ਉਹ ਇਸ ਮਾਮਲੇ ’ਤੇ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਨਾਲ ਰਲੇ ਹੋਏ ਹਨ ਤੇ ਇਹ ਗੱਲ ਅਨੇਕਾਂ ਵਾਰ ਸਾਬਤ ਵੀ ਹੋ ਚੁੱਕੀ ਹੈ।

ਮਜੀਠੀਆ ਨੇ ਕਿਹਾ ਕਿ ਸੈਰ ਸਪਾਟਾ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਆਉਣ ਵਾਲੇ ਕੈਨੇਡਾ ਦੇ ਸੈਲਾਨੀਆਂ ਵਿਚੋਂ 24 ਫੀਸਦੀ ਤੋਂ ਜ਼ਿਆਦਾ ਵਿਆਹਾਂ ਦੇ ਸੀਜ਼ਨ ਵਿਚ ਭਾਰਤ ਆਉਂਦੇ ਹਨ। ਉਹਨਾਂ ਕਿਹਾ ਕਿ ਇਸਦਾ ਅਰਥ ਹੈ ਕਿ ਜੋ ਕੈਟਰਿੰਗ ਦੇ ਵਪਾਰ, ਮੈਰਿਜ ਪੈਲੇਸ ਤੇ ਹੋਟਲ, ਟਿਕਟ ਬੁਕਿੰਗ ਤੇ ਸੈਰ ਸਪਾਟਾ ਇੰਡਸਟਰੀ ਵਿਚ ਹਨ, ਉਹਨਾਂ ਨੂੰ ਇਸ ਸੀਜ਼ਨ ਵਿਚ ਵੱਡਾ ਝਟਕਾ ਲੱਗਣਾ ਤੈਅ ਹੈ। 

ਉਹਨਾਂ ਕਿਹਾ ਕਿ ਅਜਿਹੇ ਵੀ ਲੋਕ ਹਨ ਜੋ ਖੇਡ ਮੇਲਿਆਂ ਕਾਰਨ ਇਥੇ ਆਉਂਦੇ ਹਨ ਤੇ ਉਹ ਇਸ ਫੈਸਲੇ ਕਾਰਨ ਹੁਣ ਆਉਣ ਤੋਂ ਵਾਂਝੇ ਰਹਿ ਜਾਣਗੇ। ਉਹਨਾਂ ਕਿਹਾ ਕਿ ਦੋਹਾਂ ਤਰੀਕੇ ਦੇ ਵਪਾਰ ਵਿਚ ਵੱਡੀ ਪੱਧਰ ’ਤੇ ਬੁਕਿੰਗ ਰੱਦ ਕੀਤੇ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਇਸ ਨਾਲ ਪੰਜਾਬ ਵੱਡੇ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ।

ਉਹਨਾਂ ਨੇ ਦੋਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਇਹ ਕੌਮਾਂਤਰੀ ਮਸਲਾ ਆਹਮੋ ਸਾਹਮਣੇ ਦੀ ਗੱਲਬਾਤ ਨਾਲ ਹੱਲ ਕੀਤਾ ਜਾਵੇ ਤਾਂ ਜੋ ਆਮ ਆਦਮੀ ਪ੍ਰੇਸ਼ਾਨੀਆਂ ਤੋਂ ਬਚ ਸਕੇ।

- PTC NEWS

Top News view more...

Latest News view more...

PTC NETWORK