Militants Hijack Train in Pakistan : ਬਲੋਚਿਸਤਾਨ 'ਚ ਵੱਡਾ ਹੰਗਾਮਾ; ਹਾਈਜੈਕ ਕੀਤੀ ਟਰੇਨ ਨੂੰ ਛੁਡਾਉਣ ਆਏ 30 ਪਾਕਿਸਤਾਨੀ ਫੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ
Militants Hijack Train in Pakistan : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਮੰਗਲਵਾਰ ਨੂੰ ਇਕ ਯਾਤਰੀ ਟਰੇਨ ਨੂੰ ਹਾਈਜੈਕ ਕਰ ਲਿਆ ਗਿਆ, ਜਿਸ 'ਚ ਕਰੀਬ 500 ਲੋਕ ਸਵਾਰ ਸਨ। ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਨੇ 214 ਯਾਤਰੀਆਂ ਨੂੰ ਬੰਧਕ ਬਣਾਉਣ ਅਤੇ 30 ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਸਮੂਹ ਨੇ ਧਮਕੀ ਦਿੱਤੀ ਹੈ ਕਿ ਜੇਕਰ ਸੁਰੱਖਿਆ ਬਲ ਪਿੱਛੇ ਨਹੀਂ ਹਟਦੇ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ। ਮੰਗਲਵਾਰ ਦੇਰ ਰਾਤ ਤੱਕ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਕਰੀਬ 80 ਯਾਤਰੀਆਂ ਨੂੰ ਟਰੇਨ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ।
ਅੱਤਵਾਦੀ ਸਮੂਹ ਨੇ ਆਪਣੀਆਂ ਮੰਗਾਂ 'ਚ ਕਿਹਾ ਹੈ ਕਿ ਬਲੋਚ ਸਿਆਸੀ ਕੈਦੀਆਂ ਅਤੇ ਰਾਸ਼ਟਰੀ ਵਿਰੋਧ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਬਦਲੇ ਉਹ ਬੰਧਕਾਂ ਨੂੰ ਰਿਹਾਅ ਕਰਨ ਲਈ ਤਿਆਰ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ 48 ਘੰਟਿਆਂ ਦੀ ਸਮਾਂ ਸੀਮਾ ਤੈਅ ਕੀਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ 'ਚ 13 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਜਫਰ ਐਕਸਪ੍ਰੈਸ ਕਵੇਟਾ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਹਮਲੇ ਦਾ ਸ਼ਿਕਾਰ ਹੋ ਗਈ। ਟਰੇਨ ਨੂੰ ਸੁਰੰਗ ਨੰਬਰ 8 ਨੇੜੇ ਅੱਤਵਾਦੀਆਂ ਨੇ ਘੇਰ ਲਿਆ ਸੀ ਅਤੇ ਇਸ ਤੋਂ ਬਾਅਦ ਟਰੇਨ ਦੇ ਯਾਤਰੀਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅੱਤਵਾਦੀਆਂ ਨੇ ਰੇਲਗੱਡੀ ਨੂੰ ਕਿਸੇ ਦੂਰ-ਦੁਰਾਡੇ ਸਥਾਨ 'ਤੇ ਪਟੜੀ ਤੋਂ ਉਤਾਰਨ ਤੋਂ ਬਾਅਦ ਉਸ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਬਲੋਚ ਅਧਿਕਾਰੀਆਂ ਜਾਂ ਰੇਲਵੇ ਨੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਬੰਧਕਾਂ ਦੀ ਸਥਿਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਨ ਲਈ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਰੀ ਗੋਲੀਬਾਰੀ ਅਤੇ ਹਵਾਈ ਹਮਲੇ ਹੋ ਰਹੇ ਹਨ। ਅੱਤਵਾਦੀ ਸਮੂਹ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੌਜ ਦੀ ਜ਼ਮੀਨੀ ਕਾਰਵਾਈ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਹੈ ਅਤੇ ਫੌਜ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ ਹੈ।
ਰੇਲਵੇ ਅਧਿਕਾਰੀਆਂ ਮੁਤਾਬਕ ਟਰੇਨ ਦੇ 450 ਯਾਤਰੀ ਅਤੇ ਕਰਮਚਾਰੀ ਅਜੇ ਵੀ ਸੰਪਰਕ ਤੋਂ ਬਾਹਰ ਹਨ ਅਤੇ ਹਮਲੇ 'ਚ ਕਈ ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪਾਕਿਸਤਾਨੀ ਫੌਜ ਨੇ ਰਾਹਤ ਟ੍ਰੇਨ ਭੇਜੀ ਹੈ, ਜਿਸ ਵਿਚ ਸੈਨਿਕਾਂ ਅਤੇ ਡਾਕਟਰਾਂ ਦੀ ਟੀਮ ਵੀ ਹੈ। ਐਂਬੂਲੈਂਸਾਂ ਵੀ ਭੇਜੀਆਂ ਗਈਆਂ ਹਨ ਪਰ ਪਹਾੜੀ ਅਤੇ ਕੰਡਿਆਲੀ ਖੇਤਰ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : Pakistan Train Hijack : ਪਾਕਿਸਤਾਨ 'ਚ ਟ੍ਰੇਨ ਹਾਈਜੈਕ, ਬਲੂਚ ਲਿਬਰੇਸ਼ਨ ਆਰਮੀ ਨੇ 100 ਤੋਂ ਵੱਧ ਯਾਤਰੀ ਬਣਾਏ ਬੰਦੀ, 6 ਫੌਜੀਆਂ ਦਾ ਕਤਲ
- PTC NEWS