'BBMB ’ਚ 2500 ਅਹੁਦੇ ਖਾਲੀ', BJP ਆਗੂ ਸ਼ਵੇਤ ਮਲਿਕ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ
ਭਾਜਪਾ ਦਫ਼ਤਰ ਅੰਮ੍ਰਿਤਸਰ ਵਿਖੇ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਸ਼ਵੇਤ ਮਲਿਕ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਸ਼ਵੇਤ ਮਲਿਕ ਨੇ ਆਪਣੀ ਪ੍ਰੈੱਸ ਵਾਰਤਾ ਦਾ ਮੁੱਖ ਮੁੱਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚ ਪੰਜਾਬ ਦੇ ਹਿੱਸੇ ਦੇ ਅਹੁਦਿਆਂ ਦੀ ਕਥਿਤ ਖਾਲੀ ਪਈ ਗਿਣਤੀ ਨੂੰ ਬਣਾਇਆ।
ਬੀਬੀਐਮਬੀ ਪੰਜਾਬ ਲਈ ਬੇਹੱਦ ਮਹੱਤਵਪੂਰਨ ਬੋਰਡ- ਸ਼ਵੇਤ ਮਲਿਕ
ਸ਼ਵੇਤ ਮਲਿਕ ਨੇ ਕਿਹਾ ਕਿ ਬੀਬੀਐਮਬੀ ਪੰਜਾਬ ਲਈ ਬੇਹੱਦ ਮਹੱਤਵਪੂਰਨ ਬੋਰਡ ਹੈ, ਜੋ ਡੈਮ ਪ੍ਰਬੰਧਨ, ਪਾਣੀ ਦੀ ਵੰਡ ਅਤੇ ਹੜ੍ਹਾਂ ਨਾਲ ਜੁੜੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਦੇ ਹਿੱਸੇ ਦੇ ਕਰੀਬ 2500 ਅਹੁਦੇ ਖਾਲੀ ਪਏ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਨੂੰ ਭਰਨ ਵਿੱਚ ਲਾਪਰਵਾਹੀ ਕੀਤੀ ਗਈ।
ਸ਼ਵੇਤ ਮਲਿਕ ਨੇ ਮਾਨ ਸਰਕਾਰ ਨੂੰ ਘੇਰਿਆ
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਅਹੁਦੇ ਭਰਨ ਦੇ ਦਾਅਵੇ ਕੀਤੇ ਗਏ ਸਨ, ਪਰ ਉਨ੍ਹਾਂ ਮੁਤਾਬਕ ਅਜੇ ਤੱਕ ਇਹ ਅਹੁਦੇ ਨਹੀਂ ਭਰੇ ਗਏ। ਸ਼ਵੇਤ ਮਲਿਕ ਨੇ ਇਸ ਨੂੰ ਪੰਜਾਬ ਸਰਕਾਰ ਦੀ ‘ਕਥਨੀ ਅਤੇ ਕਰਨੀ ਦੇ ਫਰਕ’ ਦੀ ਮਿਸਾਲ ਕਰਾਰ ਦਿੱਤਾ। 2025 ਦੇ ਪੰਜਾਬ ਹੜ੍ਹਾਂ ਦਾ ਜ਼ਿਕਰ ਕਰਦਿਆਂ ਸ਼ਵੇਤ ਮਲਿਕ ਨੇ ਮਾਨ ਸਰਕਾਰ ਨੂੰ ਘੇਰਿਆ।
'ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਖੇਤੀਬਾੜੀ, ਘਰਾਂ ਅਤੇ ਕਾਰੋਬਾਰਾਂ ਦਾ ਨੁਕਸਾਨ'
ਉਨ੍ਹਾਂ ਦਾਅਵਾ ਕੀਤਾ ਕਿ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਖੇਤੀਬਾੜੀ, ਘਰਾਂ ਅਤੇ ਕਾਰੋਬਾਰਾਂ ਦਾ ਨੁਕਸਾਨ ਹੋਇਆ। ਉਨ੍ਹਾਂ ਇਸ ਨੁਕਸਾਨ ਲਈ ਹੜ੍ਹ-ਪ੍ਰਬੰਧਨ ਨਾਲ ਸਬੰਧਤ ਸਰਕਾਰੀ ਤਿਆਰੀਆਂ ’ਤੇ ਸਵਾਲ ਚੁੱਕੇ ਅਤੇ ਦੋਸ਼ ਲਾਇਆ ਕਿ ਸਰਕਾਰ ਸਮੇਂ ਸਿਰ ਲੋੜੀਂਦੇ ਪ੍ਰਬੰਧ ਨਹੀਂ ਕਰ ਸਕੀ। ਸ਼ਵੇਤ ਮਲਿਕ ਨੇ ਕੇਂਦਰ ਸਰਕਾਰ ’ਤੇ ਪੰਜਾਬ ਸਰਕਾਰ ਵੱਲੋਂ ਲਾਏ ਜਾਂਦੇ ਦੋਸ਼ਾਂ ਦਾ ਵੀ ਜਵਾਬ ਦਿੱਤਾ।
ਸਰਕਾਰ ’ਤੇ ਗੰਭੀਰ ਇਲਜ਼ਾਮ
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਦਿੱਤੀ ਗਈ ਅਤੇ ਕਿਸਾਨਾਂ ਦੀ ਮਦਦ ਕਰਨ ਦੇ ਉਪਰਾਲੇ ਕੀਤੇ ਗਏ। ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਵੀ ਸ਼ਵੇਤ ਮਲਿਕ ਨੇ ਭਗਵੰਤ ਮਾਨ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਲੈਂਡ ਮਾਫੀਆ, ਰੇਤ ਮਾਫੀਆ, ਨਸ਼ਾ ਤਸਕਰੀ ਅਤੇ ਗੈਂਗਸਟਰਾਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਨੂੰ ਸੁਰੱਖਿਆ ਦੀ ਚਿੰਤਾ ਹੈ।
'ਪੰਜਾਬ ਨੂੰ ਵੀ ਮਜ਼ਬੂਤ ਕਾਨੂੰਨ-ਵਿਵਸਥਾ ਦੀ ਲੋੜ'
ਉਨ੍ਹਾਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਵੀ ਮਜ਼ਬੂਤ ਕਾਨੂੰਨ-ਵਿਵਸਥਾ ਦੀ ਲੋੜ ਹੈ। ਸ਼ਵੇਤ ਮਲਿਕ ਨੇ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਬਜਾਏ 2027 ਦੀਆਂ ਚੋਣਾਂ ਅਤੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਉਲਝੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਹੀ ਪੰਜਾਬ ਵਿੱਚ ਅਸਲ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਡਬਲ ਇੰਜਣ ਸਰਕਾਰ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ।
- PTC NEWS