Border 2 : ਦਿਲਜੀਤ ਦੋਸਾਂਝ ਤੋਂ ਲੈ ਕੇ ‘ਬਾਰਡਰ’ ਤੱਕ, ਸੁਨੀਲ ਸ਼ੈੱਟੀ ਨੇ ਸਾਂਝੀਆਂ ਕੀਤੀਆਂ ਦਿਲ ਛੂਹਣ ਵਾਲੀਆਂ ਗੱਲਾਂ - Video
Suniel Shetty Interview : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਨੇ ਹਾਲ ਹੀ ਵਿੱਚ ਪੀਟੀਸੀ ਨਿਊਜ਼ ਨੂੰ ਦਿੱਤੇ ਖਾਸ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ, ਕਰੀਅਰ ਅਤੇ ਦੇਸ਼ਭਗਤੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਖੁਲ ਕੇ ਤਾਰੀਫ਼ ਵੀ ਕੀਤੀ, ਭਾਰਤੀ ਫੌਜ ਖ਼ਾਸ ਕਰਕੇ ਪੰਜਾਬ ਰੈਜੀਮੈਂਟ ਲਈ ਆਪਣਾ ਮਾਣ ਜਤਾਇਆ ਅਤੇ ਫਿਲਮ ਬਾਰਡਰ ਨਾਲ ਜੁੜੀਆਂ ਭਾਵਨਾਵਾਂ ਨੂੰ ਵੀ ਸਾਹਮਣੇ ਰੱਖਿਆ।
1997 ’ਚ ਆਈ ਬਾਰਡਰ ਫਿਲਮ ਤੋਂ ਬਾਅਦ ਬਾਰਡਰ-2 ਰਿਲੀਜ਼ ਹੋਈ ਹੈ। ਦੱਸ ਦੇਈਏ ਕਿ ਇਸ ਫਿਲਮ ਵਿੱਚ ਅਹਾਨ ਸ਼ੈੱਟੀ, ਜੋ ਸੁਨੀਲ ਸ਼ੈੱਟੀ ਦੇ ਪੁੱਤਰ ਹਨ, ਉਹ ਇੱਕ ਨੇਵੀ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।
ਹਾਲਾਂਕਿ, ਇਸ ਫਿਲਮ ਵਿੱਚ ਸੁਨੀਲ ਸ਼ੈੱਟੀ ਨਜ਼ਰ ਨਹੀਂ ਆਉਣਗੇ, ਕਿਉਂਕਿ ਪਹਿਲੀ ਫਿਲਮ ਵਿੱਚ ਉਨ੍ਹਾਂ ਨੂੰ ਬੀਐੱਸਐਫ ਦੇ ਜਵਾਨ ਵਜੋਂ ਦਿਖਾਇਆ ਗਿਆ ਸੀ, ਜੋ ਫਿਲਮ ਵਿੱਚ ਸ਼ਹੀਦ ਹੋ ਜਾਂਦਾ ਹੈ। ਸੁਨੀਲ ਸ਼ੈੱਟੀ ਇਸ ਹਿੱਟ ਫਿਲਮ ਦਾ ਹਿੱਸਾ ਰਹੇ ਹਨ ਤਾਂ ਜਾਹਿਰ ਹੈ ਕਿ ਇਸ ਫਿਲਮ ਬਾਰਡਰ-2 ਵੀ ਉਨ੍ਹਾਂ ਦੇ ਦਿਲ ਦੇ ਕਰੀਬ ਹੋਵੇਗੀ।
ਸੁਨੀਲ ਸ਼ੈੱਟੀ ਨਾਲ ਪੀਟੀਸੀ ਨਿਊਜ਼ ਦੇ ਡਿਜੀਟਲ ਐਡੀਟਰ ਦਲੀਪ ਸਿੰਘ ਨਾਲ ਗੱਲਬਾਤ ਦੇ ਕੁਝ ਅੰਸ਼-
‘ਬਾਰਡਰ’ ਤੋਂ ‘ਬਾਰਡਰ 2’ ਤੱਕ ਦਾ ਸਫਰ
ਸੁਨੀਲ ਸ਼ੈੱਟੀ ਦੀ ਫਿਲਮੀ ਜ਼ਿੰਦਗੀ ਵਿੱਚ ਬਾਰਡਰ ਫਿਲਮ ਇੱਕ ਅਹਿਮ ਮੋੜ ਮੰਨੀ ਜਾਂਦੀ ਹੈ। ਜਦੋਂ ਬਾਰਡਰ ਫਿਲਮ ਰਿਲੀਜ਼ ਹੋਈ ਸੀ, ਉਸ ਸਮੇਂ ਉਨ੍ਹਾਂ ਦੇ ਪੁੱਤਰ ਅਹਾਨ ਸ਼ੈੱਟੀ ਸਿਰਫ ਦੋ ਸਾਲ ਦੇ ਸਨ।
ਇਸ ਮੌਕੇ ਸੁਨੀਲ ਸ਼ੈੱਟੀ ਬਾਵੁਕ ਨਜ਼ਰ ਆਏ। ਉਨ੍ਹਾਂ ਨੇ ਦੱਸਿਆ ਕਿ ਹੁਣ ਜਦੋਂ ਅਹਾਨ ਨੂੰ ਬਾਰਡਰ 2 ਵਿੱਚ ਸ਼ਾਮਲ ਕੀਤਾ ਗਿਆ ਤਾਂ ਇਹ ਪਲ ਪੂਰੇ ਪਰਿਵਾਰ ਲਈ ਬਹੁਤ ਹੀ ਭਾਵੁਕ ਅਤੇ ਮਾਣ ਵਾਲਾ ਸੀ।
ਇਹ ਸਿਰਫ ਫਿਲਮ ਨਹੀਂ : ਸੁਨੀਲ ਸ਼ੈੱਟੀ
ਸੁਨੀਲ ਸ਼ੈੱਟੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਅਹਾਨ ਨੂੰ ਕਿਹਾ ਸੀ ਕਿ ਬਾਰਡਰ ਕੋਈ ਆਮ ਫਿਲਮ ਨਹੀਂ ਹੈ। ਇਹ ਫਿਲਮ ਦੇਸ਼ ਦੀ ਮਿੱਟੀ, ਫੌਜੀ ਜਵਾਨਾਂ ਦੀ ਕੁਰਬਾਨੀ ਅਤੇ ਦੇਸ਼ਭਗਤੀ ਦੀ ਪ੍ਰਤੀਕ ਹੈ। ਉਨ੍ਹਾਂ ਲਈ ਇਹ ਫਿਲਮ ਸਿਰਫ ਐਕਟਿੰਗ ਦਾ ਪ੍ਰੋਜੈਕਟ ਨਹੀਂ ਬਲਕਿ ਦਿਲ ਨਾਲ ਜੁੜੀ ਹੋਈ ਯਾਦ ਹੈ।
ਮੈਂ ਮੌਤ ਤੋਂ ਬਾਅਦ ਵੀ ‘ਬਾਰਡਰ’ ਨਾਲ ਜਾਣਿਆ ਜਾਵਾਂਗਾ : ਸੁਨੀਲ ਸ਼ੈੱਟੀ
ਇੰਟਰਵਿਊ ਦੇ ਅੰਤ ਵਿੱਚ ਸੁਨੀਲ ਸ਼ੈੱਟੀ ਨੇ ਬਾਰਡਰ ਫਿਲਮ ਬਾਰੇ ਇੱਕ ਬਹੁਤ ਹੀ ਭਾਵੁਕ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਰਡਰ ਉਨ੍ਹਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਮਰਨ ਤੋਂ ਬਾਅਦ ਵੀ ਲੋਕ ਮੈਨੂੰ ਇਸ ਫਿਲਮ ਕਰਕੇ ਹੀ ਯਾਦ ਕਰਨਗੇ’’
ਮੈਂ ਦਿਲਜੀਤ ਦੋਸਾਂਝ ਦਾ ਫੈਨ : ਸੁਨੀਲ ਸ਼ੈੱਟੀ
ਜਦੋਂ ਸੁਨੀਲ ਸ਼ੈੱਟੀ ਤੋਂ ਪੁੱਛਿਆ ਗਿਆ ਕਿ ਉਹ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਬਾਰੇ ਕੀ ਸੋਚਦੇ ਹਨ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਹਿਚਕਚਾਹਟ ਦੇ ਕਿਹਾ, ‘‘ਦਿਲਜੀਤ ਇੱਕ ਕਮਾਲ ਦਾ ਗਾਇਕ ਹੈ। ਮੈਂ ਦਿਲਜੀਤ ਦਾ ਫੈਨ ਹਾਂ ਅਤੇ ਉਸਦੀ ਸਾਦਗੀ, ਮਿਹਨਤ ਅਤੇ ਕਲਾ ਬਹੁਤ ਪ੍ਰਭਾਵਿਤ ਕਰਦੀ ਹੈ।’’
ਸੁਨੀਲ ਸ਼ੈੱਟੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਦਿਲਜੀਤ ਨੇ ਪੰਜਾਬੀ ਸੰਗੀਤ ਅਤੇ ਸਿਨੇਮਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ ਹੈ। ਪੰਜਾਬੀਆਂ ਦੀ ਦਰਿਆਦਿਲੀ ਅਤੇ ਸੇਵਾ ਭਾਵ ਬਾਰੇ ਸੁਨੀਲ ਸ਼ੈੱਟੀ ਨੇ ਉਚੇਚੇ ਤੌਰ ਤੇ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਮਨੁੱਖਤਾ ’ਤੇ ਸੰਕਟ ਆਇਆ ਪੰਜਾਬੀਆਂ ਨੇ ਇੱਕ ਕਦਮ ਅੱਗੇ ਹੋ ਕੇ ਸੇਵਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਲੰਗਰ, ਸੇਵਾ ਅਤੇ ਮਨੁੱਖਤਾ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ।
‘ਪੰਜਾਬ ਰੈਜੀਮੈਂਟ ਦਾ ਸੀਨਾ ਵੱਡਾ ਪਰ ਦਿਲ ਨਰਮ’
ਜਦੋਂ ਪੰਜਾਬ ਰੈਜੀਮੈਂਟ ਦੇ ਜਵਾਨਾਂ ਬਾਰੇ ਸਵਾਲ ਕੀਤਾ ਗਿਆ ਤਾਂ ਸੁਨੀਲ ਸ਼ੈੱਟੀ ਨੇ ਉਨ੍ਹਾਂ ਦੀ ਬਹਾਦਰੀ ਦੀ ਬਹੁਤ ਤਰੀਫ਼ ਕੀਤੀ। ਉਨ੍ਹਾਂ ਨੇ ਕਿਹਾ, ‘‘ਪੰਜਾਬ ਰੈਜੀਮੈਂਟ ਦੇ ਫੌਜੀਆਂ ਦਾ ਸੀਨਾ ਵੱਡਾ ਹੈ ਅਤੇ ਦਿਲ ਬੜੇ ਹੀ ਨਰਮ ਦੇ ਹੁੰਦੇ ਹਨ। ਦੇਸ਼ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਹਨ।’’
ਸੁਨੀਲ ਸ਼ੈੱਟੀ ਨੇ ਕਿਹਾ ਕਿ ਪੂਰਾ ਦੇਸ਼ ਇਨ੍ਹਾਂ ਜਵਾਨਾਂ ’ਤੇ ਮਾਣ ਕਰਦਾ ਹੈ ਅਤੇ ਉਨ੍ਹਾਂ ਦੇ ਬਲਿਦਾਨ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ।
- PTC NEWS