Sat, Sep 12, 2026
Whatsapp

BRICS Summit 2026: ਮੋਦੀ-ਸ਼ੀ ਮੁਲਾਕਾਤ ਤੋਂ ਸ਼ਾਹੀ ਡਿਨਰ ਤੱਕ; ਜਾਣੋ ਅੱਜ ਦਾ ਪੂਰਾ 'ਪਾਵਰ ਸ਼ੈਡਿਊਲ'

Brics summit 2026: ਨਵੀਂ ਦਿੱਲੀ ਵਿਖੇ ਵੱਕਾਰੀ ਬ੍ਰਿਕਸ (BRICS) ਸਿਖ਼ਰ ਸੰਮੇਲਨ 2026 ਦਾ ਰਸਮੀ ਆਯੋਜਨ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋ ਚੁੱਕਾ ਹੈ।

Reported by:  PTC News Desk  Edited by:  Amritpal Singh -- September 12th 2026 10:02 AM
BRICS Summit 2026: ਮੋਦੀ-ਸ਼ੀ ਮੁਲਾਕਾਤ ਤੋਂ ਸ਼ਾਹੀ ਡਿਨਰ ਤੱਕ; ਜਾਣੋ ਅੱਜ ਦਾ ਪੂਰਾ 'ਪਾਵਰ ਸ਼ੈਡਿਊਲ'

BRICS Summit 2026: ਮੋਦੀ-ਸ਼ੀ ਮੁਲਾਕਾਤ ਤੋਂ ਸ਼ਾਹੀ ਡਿਨਰ ਤੱਕ; ਜਾਣੋ ਅੱਜ ਦਾ ਪੂਰਾ 'ਪਾਵਰ ਸ਼ੈਡਿਊਲ'

BRICS summit 2026: ਨਵੀਂ ਦਿੱਲੀ ਵਿਖੇ ਵੱਕਾਰੀ ਬ੍ਰਿਕਸ (BRICS) ਸਿਖ਼ਰ ਸੰਮੇਲਨ 2026 ਦਾ ਰਸਮੀ ਆਯੋਜਨ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋ ਚੁੱਕਾ ਹੈ। ਇਸ ਇਤਿਹਾਸਕ ਸੰਮੇਲਨ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਵਿੱਚ ਕੌਮਾਂਤਰੀ ਪੱਧਰ ਦੇ ਵੱਡੇ ਆਗੂਆਂ ਅਤੇ ਵਿਦੇਸ਼ੀ ਮਹਿਮਾਨਾਂ ਦਾ ਜਮਾਵੜਾ ਲੱਗਿਆ ਹੋਇਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਮੇਤ ਦੁਨੀਆ ਭਰ ਦੇ ਕਈ ਪ੍ਰਮੁੱਖ ਮੁਲਕਾਂ ਦੇ ਮੁਖੀ ਪਹਿਲਾਂ ਹੀ ਨਵੀਂ ਦਿੱਲੀ ਪਹੁੰਚ ਚੁੱਕੇ ਹਨ। ਇਸੇ ਦੌਰਾਨ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਭਾਰਤ ਦੀ ਧਰਤੀ ‘ਤੇ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨਪਿੰਗ ਸਮੇਤ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਆਏ ਤਮਾਮ ਰਾਜਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਉੱਚ-ਪੱਧਰੀ ਨੁਮਾਇੰਦਿਆਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ।

ਬ੍ਰਿਕਸ ਸੰਮੇਲਨ ਦਾ ਸਭ ਤੋਂ ਅਹਿਮ ਤੇ ਵਿਅਸਤ ਦਿਨ

ਸੰਮੇਲਨ ਦੇ ਪ੍ਰਮੁੱਖ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਸ਼ਡਿਊਲ ਬੇਹੱਦ ਰੁਝੇਵਿਆਂ ਭਰਿਆ ਰਹੇਗਾ। ਸਵੇਰੇ 10 ਵਜੇ ਪੀਐੱਮ ਮੋਦੀ ਹੈਦਰਾਬਾਦ ਹਾਊਸ ਵਿਖੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਅਹਿਮ ਬੈਠਕ ਕਰਨਗੇ। ਇਸ ਤੋਂ ਤੁਰੰਤ ਬਾਅਦ ਸਵੇਰੇ 10:30 ਵਜੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਸਵੇਰੇ 11:00 ਵਜੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ਼ ਖ਼ਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਉਨ੍ਹਾਂ ਦੀ ਉੱਚ-ਪੱਧਰੀ ਗੱਲਬਾਤ ਹੋਵੇਗੀ।

ਇਸੇ ਸਿਲਸਿਲੇ ਤਹਿਤ ਸਵੇਰੇ 11:30 ਵਜੇ ਪ੍ਰਧਾਨ ਮੰਤਰੀ ਵਿਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ ਹੁੰਗ ਨਾਲ ਰਸਮੀ ਮੁਲਾਕਾਤ ਕਰਨਗੇ। ਦੂਜੇ ਪਾਸੇ, ਅੱਜ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੀ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਵਿਖੇ ਉੱਚ-ਪੱਧਰੀ ਬੈਠਕ ਤੈਅ ਕੀਤੀ ਗਈ ਹੈ। ਦੁਪਹਿਰ 2:35 ਵਜੇ ਬ੍ਰਿਕਸ ਮੈਂਬਰ ਮੁਲਕਾਂ ਦੀ ਇੱਕ ਬੰਦ ਕਮਰਾ ਅਹਿਮ ਮੀਟਿੰਗ ਸ਼ੁਰੂ ਹੋਵੇਗੀ। ਇਸ ਉਪਰੰਤ ਸ਼ਾਮ 4:25 ਵਜੇ ਸਾਰੇ ਵਿਸ਼ਵ ਆਗੂ ‘ਭਾਰਤ ਇਨੋਵੇਟਸ ਐਗਜ਼ੀਬੀਸ਼ਨ’ ਦਾ ਦੌਰਾ ਕਰਨਗੇ। ਸ਼ਾਮ 5:05 ਵਜੇ ਸਾਰੇ ਮੁਲਕਾਂ ਦੇ ਮੁਖੀਆਂ ਦੀ ਅਧਿਕਾਰਤ ‘ਫ਼ੈਮਿਲੀ ਫ਼ੋਟੋਗ੍ਰਾਫ਼’ ਕਰਵਾਈ ਜਾਵੇਗੀ ਅਤੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੰਦਿਆਂ ਸਾਂਝੇ ਤੌਰ ‘ਤੇ ਪੌਦੇ ਲਗਾਉਣ ਦੀ ਰਸਮ ਅਦਾ ਕੀਤੀ ਜਾਵੇਗੀ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਭ ਤੋਂ ਅਹਿਮ ਦੁਵੱਲੀ ਬੈਠਕ

ਅੱਜ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਦੀਆਂ ਸਾਰੀਆਂ ਮੁਲਾਕਾਤਾਂ ਵਿੱਚੋਂ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਮੁਲਾਕਾਤ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਬੈਠਕ ਰਹੇਗੀ। ਦੋਵਾਂ ਸ਼ਕਤੀਸ਼ਾਲੀ ਆਗੂਆਂ ਵਿਚਕਾਰ ਇਹ ਮੁਲਾਕਾਤ ਸ਼ਾਮ 5:45 ਵਜੇ ‘ਭਾਰਤ ਮੰਡਪਮ’ ਵਿਖੇ ਹੋਵੇਗੀ। ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਭੂ-ਰਾਜਨੀਤਿਕ ਸੰਬੰਧਾਂ ਅਤੇ ਸਰਹੱਦੀ ਸਮੀਕਰਨਾਂ ਦੇ ਮੱਦੇਨਜ਼ਰ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਦੁਵੱਲੀ ਬੈਠਕ ‘ਤੇ ਟਿਕੀਆਂ ਹੋਈਆਂ ਹਨ।

ਸਨਿੱਚਰਵਾਰ ਸ਼ਾਮ 7:30 ਵਜੇ ਭਾਰਤ ਮੰਡਪਮ ਵਿਖੇ ਬ੍ਰਿਕਸ ਸੰਮੇਲਨ ਵਿੱਚ ਪਹੁੰਚੇ ਸਮੂਹ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਵਿਦੇਸ਼ੀ ਵਫ਼ਦਾਂ ਦੇ ਸਨਮਾਨ ਵਿੱਚ ਸ਼ਾਨਦਾਰ ਰਾਤਰੀ ਭੋਜ (ਗਾਲਾ ਡਿਨਰ) ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੀ ਮੇਜ਼ਬਾਨੀ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਸ਼ਾਹੀ ਡਿਨਰ ਵਿੱਚ ਸ਼ਾਮਲ ਹੋਣ ਲਈ ਕੁਝ ਕੇਂਦਰੀ ਮੰਤਰੀਆਂ ਤੋਂ ਇਲਾਵਾ ਦੇਸ਼ ਦੇ ਕਰੀਬ 14 ਤੋਂ 15 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ।

ਸੁਰੱਖਿਆ ਅਤੇ ਟਰੈਫ਼ਿਕ ਵਿਵਸਥਾ ਨੂੰ ਪੂਰੀ ਤਰ੍ਹਾਂ ਚਾਕ-ਚੌਬੰਦ ਰੱਖਣ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਰੇ ਮੁੱਖ ਮੰਤਰੀ ਵੱਖ-ਵੱਖ ਕਾਫ਼ਲਿਆਂ ਦੀ ਬਜਾਏ ਬੱਸਾਂ ਰਾਹੀਂ ਇਕੱਠੇ ਭਾਰਤ ਮੰਡਪਮ ਜਾਣਗੇ। ਸਾਰੇ ਮੁੱਖ ਮੰਤਰੀਆਂ ਨੂੰ ਸ਼ਾਮ 5:00 ਤੋਂ 5:30 ਵਜੇ ਤੱਕ ਸੰਸਦ ਭਵਨ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ, ਜਿੱਥੋਂ ਉਹ ਸ਼ਾਮ 6:00 ਵਜੇ ਵਿਸ਼ੇਸ਼ ਬੱਸਾਂ ਰਾਹੀਂ ਇਕੱਠੇ ਭਾਰਤ ਮੰਡਪਮ ਲਈ ਰਵਾਨਾ ਹੋਣਗੇ।

ਅੱਜ ਦੇ ਦਿਨ ਦਾ ਮੁੱਖ ਸ਼ਡਿਊਲ

ਪ੍ਰਧਾਨ ਮੰਤਰੀ ਮੋਦੀ ਦੀ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਦੁਵੱਲੀ ਬੈਠਕ।

ਪੀਐੱਮ ਮੋਦੀ ਦੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੀਟਿੰਗ।

ਪ੍ਰਧਾਨ ਮੰਤਰੀ ਮੋਦੀ ਦੀ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ਼ ਖ਼ਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਗੱਲਬਾਤ।

ਪ੍ਰਧਾਨ ਮੰਤਰੀ ਮੋਦੀ ਦੀ ਵਿਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ ਹੁੰਗ ਨਾਲ ਮੁਲਾਕਾਤ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਰਾਸ਼ਟਰਪਤੀ ਭਵਨ ‘ਚ ਮੁਲਾਕਾਤ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਭ ਤੋਂ ਅਹਿਮ ਬੈਠਕ।

ਸ਼ਾਮ ਨੂੰ ਵਿਦੇਸ਼ੀ ਮਹਿਮਾਨਾਂ ਅਤੇ ਮੁੱਖ ਮੰਤਰੀਆਂ ਲਈ ਪੀਐੱਮ ਮੋਦੀ ਵੱਲੋਂ ਵਿਸ਼ੇਸ਼ ਗਾਲਾ ਡਿਨਰ ਦੀ ਮੇਜ਼ਬਾਨੀ।

ਮੁੱਖ ਮੰਚ ‘ਤੇ ਮੌਜੂਦ ਰਹਿਣਗੇ ਇਹ ਵਿਸ਼ਵ ਆਗੂ

ਬ੍ਰਿਕਸ ਸੰਮੇਲਨ ਦਾ ਮੁੱਖ ਮੰਚ ਭਾਰਤ ਮੰਡਪਮ ਵਿਖੇ ਸਜਾਇਆ ਗਿਆ ਹੈ। ਇਸ ਵਾਰ ਬ੍ਰਿਕਸ ਸੰਗਠਨ ਵਿੱਚ 11 ਪੂਰਨ ਮੈਂਬਰ ਦੇਸ਼ ਅਤੇ 10 ਭਾਈਵਾਲ (ਪਾਰਟਨਰ) ਦੇਸ਼ ਸ਼ਾਮਲ ਹਨ। ਮੰਚ ‘ਤੇ ਹੇਠ ਲਿਖੇ ਪ੍ਰਮੁੱਖ ਨੇਤਾ ਮੌਜੂਦ ਰਹਿਣਗੇ:

ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਭਾਰਤ

ਸ਼ੀ ਜਿਨਪਿੰਗ ਰਾਸ਼ਟਰਪਤੀ, ਚੀਨ

ਵਲਾਦੀਮੀਰ ਪੁਤਿਨ ਰਾਸ਼ਟਰਪਤੀ, ਰੂਸ

ਸਿਰਿਲ ਰਾਮਾਫੋਸਾ ਰਾਸ਼ਟਰਪਤੀ, ਦੱਖਣੀ ਅਫ਼ਰੀਕਾ

ਮਸੂਦ ਪੇਜ਼ੇਸ਼ਕੀਅਨ ਰਾਸ਼ਟਰਪਤੀ, ਈਰਾਨ

ਅਬਦੇਲ ਫ਼ਤਾਹ ਅਲ-ਸੀਸੀ ਰਾਸ਼ਟਰਪਤੀ, ਮਿਸਰ

ਅਬੀ ਅਹਿਮਦ ਪ੍ਰਧਾਨ ਮੰਤਰੀ, ਇਥੋਪੀਆ

ਪ੍ਰਬੋਵੋ ਸੁਬਿਆਂਤੋ ਰਾਸ਼ਟਰਪਤੀ, ਇੰਡੋਨੇਸ਼ੀਆ

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸੰਯੁਕਤ ਅਰਬ ਅਮੀਰਾਤ (UAE) ਦੀ ਨੁਮਾਇੰਦਗੀ

ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸਾਊਦੀ ਅਰਬ ਦੇ ਵਫ਼ਦ ਦੀ ਅਗਵਾਈ

ਇਸ ਤੋਂ ਇਲਾਵਾ ਬ੍ਰਿਕਸ ਦੇ ਸਮੂਹ ਪਾਰਟਨਰ ਦੇਸ਼ਾਂ ਦੇ ਮੁਖੀ ਅਤੇ ਉੱਚ ਪ੍ਰਤੀਨਿਧੀ ਮੰਚ ਦੀ ਸ਼ਾਨ ਵਧਾਉਣਗੇ।

ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਕਿਸੇ ਕਾਰਨ ਸੰਮੇਲਨ ਵਿੱਚ ਨਿੱਜੀ ਤੌਰ ‘ਤੇ ਹਿੱਸਾ ਨਹੀਂ ਲੈ ਰਹੇ ਹਨ, ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵੀਏਰਾ ਆਪਣੇ ਦੇਸ਼ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK