Rupi Kaur: ਜਾਣੋ ਕੌਣ ਹਨ ਰੂਪੀ ਕੌਰ ਜਿਨ੍ਹਾਂ ਨੇ ਵ੍ਹਾਈਟ ਹਾਊਸ ਦੀ ਦੀਵਾਲੀ ਸਮਾਰੋਹ ਦਾ ਸੱਦਾ ਠੁਕਰਾਇਆ
Canadian Poet Rupi Kaur: ਕੈਨੇਡਾ ਦੀ ਰਹਿਣ ਵਾਲੀ ਰੂਪੀ ਕੌਰ ਨੇ ਵਾਈਟ ਹਾਊਸ ਵੱਲੋਂ ਦੀਵਾਲੀ ਮਨਾਉਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਭਾਰਤੀ ਮੂਲ ਦੀ ਕਵਿੱਤਰੀ ਰੂਪੀ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਬਿਆਨ ਵੀ ਜਾਰੀ ਕੀਤਾ। ਜਿਸ ’ਚ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਅਜਿਹੀ ਸੰਸਥਾ ਦਾ ਸੱਦਾ ਸਵੀਕਾਰ ਨਹੀਂ ਕਰ ਸਕਦੀ ਜੋ ਜਨਤਕ ਹਿੰਸਾ ਦਾ ਸਮਰਥਨ ਕਰਦੀ ਹੈ।
ਦਰਅਸਲ ਉਨ੍ਹਾਂ ਦਾ ਇਹ ਵਿਚਾਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ 'ਤੇ ਅਮਰੀਕਾ ਦੇ ਸਟੈਂਡ 'ਤੇ ਆਇਆ ਹੈ। ਕਵਿੱਤਰੀ ਰੂਪੀ ਕੌਰ ਨੇ ਇਹ ਇੱਛਾ ਵੀ ਪ੍ਰਗਟ ਕੀਤੀ ਹੈ ਕਿ ਅਮਰੀਕਾ ਦੱਖਣੀ ਏਸ਼ੀਆਈ ਲੋਕਾਂ ਨਾਲ ਪਾਰਦਰਸ਼ੀ ਹੋਣਾ ਚਾਹੀਦਾ ਹੈ।
ਇੱਥੇ ਜਾਣੋ ਪੂਰਾ ਮਾਮਲਾ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ 8 ਨਵੰਬਰ 2023 ਨੂੰ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨ ਦਾ ਆਯੋਜਨ ਕਰ ਰਹੇ ਸਨ ਅਤੇ ਇਸ ਸਮਾਗਮ ਦਾ ਸੱਦਾ ਰੂਪੀ ਕੌਰ ਨੂੰ ਭੇਜਿਆ ਗਿਆ ਸੀ ਪਰ ਉਨ੍ਹਾਂ ਨੇ ਇਸ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਲੀਲ ਦਿੱਤੀ ਕਿ ਉਹ ਕਿਸੇ ਵੀ ਸੰਸਥਾਗਤ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਜੋ ਨਾਗਰਿਕ ਹਿੰਸਾ ਜਾਂ ਸਮੂਹਿਕ ਸਜ਼ਾ ਦਾ ਸਮਰਥਨ ਕਰਦਾ ਹੋਵੇ। ਰੂਪੀ ਨੇ ਅਮਰੀਕੀ ਸਰਕਾਰ 'ਤੇ ਫਲਸਤੀਨੀਆਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਦੀਵਾਲੀ ਦੇ ਜਸ਼ਨਾਂ ਲਈ ਬਾਈਡੇਨ ਪ੍ਰਸ਼ਾਸਨ ਤੋਂ ਸੱਦਾ ਮਿਲਿਆ ਪਰ ਮੈਂ ਉਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।
ਜਾਣੋ ਕੌਣ ਹਨ ਰੂਪੀ ਕੌਰ
ਦੱਸ ਦਈਏ ਕਿ ਰੂਪੀ ਕੌਰ ਕੈਨੇਡਾ ਦੇ ਟੋਰਾਂਟੋ ਵਿੱਚ ਰਹਿੰਦੀ ਹੈ। ਉਹ ਇੱਕ ਲੇਖਕ ਅਤੇ ਚਿੱਤਰਕਾਰ ਹੈ। ਰੂਪੀ ਦੀ ਪਹਿਲੀ ਕਾਵਿ ਪੁਸਤਕ ‘ਦੁੱਧ ਤੇ ਸ਼ਹਿਦ’ ਦਾ ਪਾਠਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ। ਇਹ ਕਿਤਾਬ ਸਾਲ 2014 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ 10 ਲੱਖ ਤੋਂ ਵੱਧ ਕਾਪੀਆਂ ਵੇਚੀਆਂ ਗਈਆਂ ਸਨ। ਇਸ ਕਿਤਾਬ ਨੂੰ ਨਿਊਯਾਰਕ ਟਾਈਮਜ਼ ਦੀ ਬੈਸਟ ਸੇਲਰ ਸੂਚੀ ਵਿੱਚ ਥਾਂ ਮਿਲੀ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਪਿਆਰ, ਵਿਛੋੜਾ, ਉਦਾਸੀ, ਔਰਤਵਾਦ ਅਤੇ ਪਰਵਾਸ ਰਹੇ ਹਨ। ਇੰਸਟਾਗ੍ਰਾਮ 'ਤੇ ਕਵੀ ਨੂੰ 40 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ।
ਪਹਿਲਾਂ ਇਸ ਕਾਰਨ ਰੂਪੀ ਕੌਰ ਆਏ ਸਨ ਚਰਚਾ ’ਚ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੂਪੀ ਸਭ ਤੋਂ ਪਹਿਲਾਂ ਉਸ ਸਮੇਂ ਸੁਰਖੀਆਂ 'ਚ ਆਈ ਜਦੋਂ ਉਸ ਦੀ ਇਕ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਹਟਾ ਦਿੱਤਾ ਗਿਆ। ਇਹ ਤਸਵੀਰ ਉਨ੍ਹਾਂ ਦੀ ਸੀ ਜਿਸ 'ਚ ਉਹ ਮਾਹਵਾਰੀ ਦੇ ਖੂਨ ਨਾਲ ਰੰਗੇ ਬੈੱਡ 'ਤੇ ਸੌਂਦੀ ਨਜ਼ਰ ਆ ਰਹੀ ਸੀ। ਉਸ ਨੇ ਇੰਸਟਾਗ੍ਰਾਮ ਦੁਆਰਾ ਫੋਟੋ ਹਟਾਉਣ ਦੇ ਖਿਲਾਫ ਸਟੈਂਡ ਲਿਆ। ਇਸ ਮਾਮਲੇ 'ਚ ਉਨ੍ਹਾਂ ਦੀ ਦਲੀਲ ਸੀ ਕਿ ਇੰਸਟਾਗ੍ਰਾਮ ਦੋਹਰਾ ਵਿਵਹਾਰ ਕਰਦਾ ਹੈ।
ਪੰਜਾਬ ਨਾਲ ਵੀ ਹੈ ਰਿਸ਼ਤਾ
ਰੂਪੀ ਕੌਰ ਦਾ ਜਨਮ 4 ਅਕਤੂਬਰ 1992 ਨੂੰ ਪੰਜਾਬ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਜਦੋਂ ਉਹ ਤਿੰਨ ਸਾਲ ਦੀ ਸੀ ਤਾਂ ਉਹ ਆਪਣੇ ਮਾਪਿਆਂ ਨਾਲ ਕੈਨੇਡਾ ਚਲੀ ਗਈ। ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਗੁਰਬਾਣੀ ਅਤੇ ਸੂਫ਼ੀ ਕਵੀ ਬੁੱਲ੍ਹੇ ਸ਼ਾਹ ਦੀਆਂ ਵਾਰਾਂ ਰਾਹੀਂ ਕਵਿਤਾ ਨਾਲ ਜਾਣ-ਪਛਾਣ ਹੋਈ ਸੀ।
ਇਹ ਵੀ ਪੜ੍ਹੋ: Punjabi Singers: ਗਾਇਕ ਕੇ.ਐਸ ਮੱਖਣ ਦੀਆਂ ਵਧੀਆਂ ਮੁਸ਼ਕਿਲਾਂ, ਇਸ ਗੀਤ ’ਚ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਲੱਗੇ ਇਲਜ਼ਾਮ
- PTC NEWS