Chandigarh School Threat : ਚੰਡੀਗੜ੍ਹ 'ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੱਚੀ ਹੜਕੰਪ, ਕਈ ਸਕੂਲ ਕਰਵਾਏ ਖਾਲੀ
Chandigarh School Threat : ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਧਮਕੀ ਕਈ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਭੇਜੀ ਗਈ ਹੈ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਅਤੇ ਬੱਚਿਆਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਹਾਲਾਂਕਿ, ਪੁਲਿਸ ਨੇ ਕਾਰਵਾਈ ਕਰਦੇ ਹੋਏ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ ਹੈ।
ਕਿਹੜੇ ਸਕੂਲਾਂ ਨੂੰ ਮਿਲੀ ਧਮਕੀ ?
ਜਾਣਕਾਰੀ ਅਨੁਸਾਰ, ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਸੈਕਟਰ 25 ਵਿੱਚ ਚਿਤਕਾਰਾ ਇੰਟਰਨੈਸ਼ਨਲ ਸਕੂਲ, ਕੇਵੀਡੀਵੀ ਸਕੂਲ, ਰਿਆਨ ਇੰਟਰ ਨੈਸ਼ਨਲ ਸਕੂਲ, ਸੈਕਟਰ 16 ਵਿੱਚ ਮਾਡਲ ਸਕੂਲ, ਸੈਕਟਰ 45 ਵਿੱਚ ਸੇਂਟ ਸਟੀਫਨ ਸਕੂਲ, ਸੈਕਟਰ 35 ਵਿੱਚ ਮਾਡਲ ਸਕੂਲ ਅਤੇ ਸੈਕਟਰ 19 ਵਿੱਚ ਮਾਡਲ ਸਕੂਲ ਸ਼ਾਮਲ ਹਨ।
ਪੁਲਿਸ ਵੱਲੋਂ ਜਾਂਚ ਜਾਰੀ, ਬੱਚਿਆਂ ਤੇ ਮਾਪਿਆਂ ਨੂੰ ਨਾ ਘਬਰਾਉਣ ਦੀ ਅਪੀਲ
ਪੁਲਿਸ ਵੱਲੋਂ ਜਾਂਚ ਕੀਤੇ ਜਾਣ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਤੇ ਬੱਚਿਆਂ ਸਮੇਤ ਮਾਪਿਆਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ, ਬੰਬ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚੇ ਹੋਏ ਹਨ ਅਤੇ ਸਕੂਲਾਂ 'ਚ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਇਸ ਦੇ ਨਾਲ ਹੀ ਤਕਨੀਕੀ ਟੀਮਾਂ ਵੱਲੋਂ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਧਮਕੀ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।
- PTC NEWS