Amritsar News : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਅਤੇ ਗਲਿਆਰੇ ਵਿੱਚੋਂ ਭੀਖ ਮੰਗਦੇ ਛੋਟੇ ਛੋਟੇ ਬੱਚਿਆਂ ਨੂੰ ਕੀਤਾ ਕਾਬੂ
Amritsar News : ਅੰਮ੍ਰਿਤਸਰ 'ਚ ਛੋਟੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲਿਆਂ ਖਿਲਾਫ਼ ਹੁਣ ਪੰਜਾਬ ਸਰਕਾਰ ਸਖ਼ਤ ਰੁਖ ਅਖਤਿਆਰ ਕਰ ਰਹੀ ਹੈ। ਅੱਜ ਡੀਸੀ ਅੰਮ੍ਰਿਤਸਰ ਦੇ ਹੁਕਮਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਭੀਖ ਮੰਗਣ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਜਾਂਚ ਕੀਤੀ ਗਈ। ਬਾਲ ਵਿਕਾਸ ਵਿਭਾਗ ਦੀ ਟੀਮ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੀ ਹੈ।
ਜਿੱਥੇ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ,ਲੰਗਰ ਘਰ ,ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅਤੇ ਗਲਿਆਰੇ ਵਿੱਚੋਂ ਭਿਖਾਰੀਆਂ ਨੂੰ ਕਾਬੂ ਕੀਤਾ ਗਿਆ ਹੈ। ਭੀਖ ਮੰਗਣ ਵਾਲੇ ਛੋਟੇ- ਛੋਟੇ ਬੱਚਿਆਂ ਨੂੰ ਰੈਸਕਿਊ ਕਾਬੂ ਕੀਤਾ ਗਿਆ ਹੈ ਅਤੇ ਬੱਸਾਂ 'ਚ ਬਿਠਾ ਕੇ ਇਹਨਾਂ ਨੂੰ ਡੀਸੀ ਦਫਤਰ ਲਿਜਾਇਆ ਗਿਆ ਹੈ। ਜਿੱਥੇ ਇਹਨਾਂ ਭਿਖਾਰੀ ਦੇ ਪਛਾਣ ਪੱਤਰ ਚੈੱਕ ਕੀਤੇ ਜਾਣਗੇ ਅਤੇ ਸ਼ੱਕ ਪੈਣ 'ਤੇ ਬੱਚਿਆਂ ਦਾ ਡੀਐਨਏ ਕਰਵਾਇਆ ਜਾਏਗਾ।
ਇੱਕ ਵਾਰ ਇਨ੍ਹਾਂ ਭਿਖਾਰੀਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਵੇਗਾ ਪਰ ਜੇਕਰ ਦੁਬਾਰਾ ਭੀਖ ਮੰਗਦੇ ਫੜੇ ਗਏ ਤਾਂ ਫਿਰ ਐਫਆਈਆਰ ਦਰਜ ਕੀਤੀ ਜਾਵੇਗੀ। ਸੜਕ 'ਤੇ ਭੀਖ ਮੰਗਣ ਵਾਲੇ ਛੋਟੇ -ਛੋਟੇ ਬੱਚਿਆਂ ਦੀ ਤਸਕਰੀ ਅਤੇ ਸੋਸ਼ਣ ਰੋਕਣ ਲਈ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਡੀਸੀ ਦਫਤਰ ਨੂੰ ਅਪੀਲ ਕੀਤੀ ਗਈ ਹੈ ਭਿਖਾਰੀ ਸੰਗਤਾਂ ਨੂੰ ਪਰੇਸ਼ਾਨ ਕਰਦੇ ਹਨ।
ਬੀਤੇ ਦਿਨੀਂ ਵੀ ਗੋਲਡਨ ਗੇਟ 'ਤੇ ਚਲਾਈ ਰੈਸਕਿਊ ਮੁਹਿੰਮ ਦੌਰਾਨ 2 ਬੱਚੇ ਅਤੇ ਇਕ ਔਰਤ ਕਾਬੂ ਕੀਤਾ ਸੀ। ਜ਼ਿਲ੍ਹਾ ਬਾਲ ਸਿੱਖਿਆ ਅਫਸਰ ਤਰਨਜੀਤ ਸਿੰਘ ਨੇ ਦੱਸਿਆ ਸੀ ਕਿ ਬੱਚਿਆਂ ਨੂੰ ਰੈਸਕਿਊ ਕਰਕੇ ਉਨ੍ਹਾਂ ਦੀ ਵੈਕਸੀਨੇਸ਼ਨ ਅਤੇ ਆਵਸ਼ਕ ਜਾਂਚ ਕੀਤੀ ਗਈ। ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ। ਇਸ ਕਾਰਵਾਈ ਹੇਠ ਕਈ ਭੀਖ ਮੰਗਣ ਵਾਲਿਆਂ ਦੇ ਡੀਐਨਏ ਟੈਸਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ਕਾਰਡ ਦੇ ਆਧਾਰ 'ਤੇ ਉਨ੍ਹਾਂ ਦੀ ਪਛਾਣ ਕਰਕੇ ਜਿੱਥੇ ਦੇ ਰਹਿਣ ਵਾਲੇ ਹਨ ਉਥੇ ਭੇਜਣ ਦੀ ਪ੍ਰਕਿਰਿਆ ਵੀ ਚਲ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਭੀਖ ਮੰਗਣ ਐਕਟ ਵਿੱਚ ਸੋਧ ਕਰੇਗੀ। ਇਸ ਨਾਲ ਭੀਖ ਮੰਗਣ ਵਾਲੇ ਗਿਰੋਹ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਮੰਤਰੀ ਬਲਬੀਰ ਕੌਰ ਨੇ ਕਿਹਾ ਸੀ ਕਿ ਪੰਜਾਬ ਭੀਖ ਮੰਗਣ ਰੋਕਥਾਮ ਐਕਟ, 1971 ਵਿੱਚ ਸੋਧ ਕੀਤੀ ਜਾਵੇਗੀ ਤਾਂ ਜੋ ਲਾਲ ਬੱਤੀਆਂ ਅਤੇ ਹੋਰ ਚੌਰਾਹਿਆਂ ‘ਤੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਗਿਰੋਹਾਂ ਨੂੰ ਚਲਾਉਣ ਵਾਲਿਆਂ ‘ਤੇ ਭਾਰੀ ਸਜ਼ਾਵਾਂ ਲਗਾਈਆਂ ਜਾ ਸਕਣ।
ਮੰਤਰੀ ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਸੀ ਕਿ ਜੀਵਨਜਯੋਤੀ ਤਹਿਤ ਜੁਲਾਈ 2024 ਤੋਂ ਲੈ ਕੇ ਹੁਣ ਤੱਕ 286 ਬੱਚਿਆਂ ਨੂੰ ਅਜਿਹੇ ਗਿਰੋਹਾਂ ਤੋਂ ਬਚਾਇਆ ਗਿਆ ਹੈ ,ਜੋ ਲੋਕਾਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਐਸਏਐਸ ਨਗਰ ਅਤੇ ਬਠਿੰਡਾ ਵਿੱਚ ਇੱਕ ਪਾਇਲਟ ਪ੍ਰੋਜੈਕਟ ‘ਸਮਾਈਲ’ ਸ਼ੁਰੂ ਕੀਤਾ ਜਾਵੇਗਾ। ਇਸ ਪਹਿਲਕਦਮੀ ਤਹਿਤ ਬਾਲ ਭਿਖਾਰੀਆਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੇ ਪਰਿਵਾਰਾਂ ਦਾ ਪਤਾ ਡੀਐਨਏ ਟੈਸਟਿੰਗ ਰਾਹੀਂ ਲਗਾਇਆ ਜਾਵੇਗਾ।
- PTC NEWS