Patiala News : ਇਸ ਪਿੰਡ 'ਚ ਨਹੀਂ ਪਾਉਂਦਾ ਕੋਈ ਚੁਬਾਰਾ , ਚੁਬਾਰਾ ਪਾਉਂਦੇ ਹੀ ਘਰ 'ਚ ਵਿੱਛ ਜਾਂਦੇ ਨੇ ਸੱਥਰ
Patiala News : ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ ਅਧੀਨ ਆਉਂਦੇ ਪਿੰਡ ਸੁਰਾਜਪੁਰ ਵਿੱਚ ਇੱਕ ਅਜੀਬੋ-ਗਰੀਬ ਹਕੀਕਤ ਸਾਹਮਣੇ ਆਈ ਹੈ। ਇਸ ਪਿੰਡ ਵਿੱਚ ਕਿਸੇ ਵੀ ਘਰ ਉੱਤੇ ਚੁਬਾਰਾ ਨਹੀਂ ਬਣਿਆ ਹੋਇਆ, ਕਿਉਂਕਿ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਉੱਤੇ ਚੁਬਾਰਾ ਬਣਾਉਂਦਾ ਹੈ ਤਾਂ ਉਸਦੇ ਘਰ ਵਿੱਚ ਮੌਤ ਹੋ ਜਾਂਦੀ ਹੈ।
ਇਸ ਹਕੀਕਤ ਨੂੰ ਜਾਣਨ ਲਈ ਜਦੋਂ ਪੀਟੀਸੀ ਨਿਊਜ਼ ਦੀ ਟੀਮ ਪਿੰਡ ਸੁਰਾਜਪੁਰ ਪਹੁੰਚੀ ਤਾਂ ਉੱਥੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ। ਲਗਭਗ 200 ਤੋਂ ਵੱਧ ਘਰ ਹਨ ਪਰ ਕਿਸੇ ਵੀ ਘਰ ਉੱਤੇ ਇੱਕ ਵੀ ਚੁਬਾਰਾ ਨਹੀਂ ਦਿੱਸਿਆ। ਇੱਥੋਂ ਤੱਕ ਕਿ ਪਾਣੀ ਦੀਆਂ ਟੈਂਕੀਆਂ ਉੱਤੇ ਛੱਤ ਤਾਂ ਹੈ ਪਰ ਉਸ ਵਿੱਚ ਵੀ ਮੋਗਾ ਕੱਢਿਆ ਹੋਇਆ ਸੀ। ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਕਈ ਵਾਰ ਅਜਿਹਾ ਹੋਇਆ ਹੈ ਕਿ ਜਿਵੇਂ ਹੀ ਕਿਸੇ ਨੇ ਚੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ, ਉਸਦੇ ਘਰ ਵਿੱਚ ਮੌਤ ਹੋ ਗਈ।
ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਘਰ ਵਿੱਚ ਵੀ ਦੋ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੇ ਚੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਭਰਾ ਨੇ ਵੀ ਚੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਉਨ੍ਹਾਂ ਦੀ ਵੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪਿੰਡ ਵਿੱਚ ਹੋਰ ਵੀ ਅਜਿਹੀਆਂ ਮੌਤਾਂ ਹੋਈਆਂ, ਜਿਸ ਕਾਰਨ ਪਿੰਡ ਵਾਸੀਆਂ ਦੇ ਮਨ ਵਿੱਚ ਡਰ ਬੈਠ ਗਿਆ।
ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਇਸਨੂੰ ਵਹਿਮ ਵੀ ਕਹਿੰਦੇ ਹਨ ਪਰ “ਜਿਸ ’ਤੇ ਬੀਤਦੀ ਹੈ, ਉਹੀ ਜਾਣਦਾ ਹੈ।” ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਚੁਬਾਰਾ ਨਾ ਬਣਾਉਣ ਲਈ ਨਹੀਂ ਕਹਿੰਦੇ, ਜੇਕਰ ਕਿਸੇ ਦੀ ਇੱਛਾ ਹੋਵੇ ਤਾਂ ਉਹ ਆਪਣਾ ਸ਼ੱਕ ਦੂਰ ਕਰ ਸਕਦਾ ਹੈ ਪਰ ਅੱਜ ਤੱਕ ਕਿਸੇ ਨੇ ਵੀ ਚੁਬਾਰਾ ਬਣਾਕੇ ਨਹੀਂ ਵੇਖਿਆ। ਪਿੰਡ ਦੇ ਹੋਰ ਵਸਨੀਕ ਵੀ ਇਸ ਗੱਲ ਨਾਲ ਸਹਿਮਤ ਨਜ਼ਰ ਆਏ।
ਇਸ ਦੇ ਇਤਿਹਾਸ ਬਾਰੇ ਪੁੱਛਣ ’ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕਾਂ ਵਿੱਚ ਇੱਕ ਬਹੁਤ ਪੁਰਾਣੀ ਕਹਾਣੀ ਚੱਲਦੀ ਆ ਰਹੀ ਹੈ, ਜਿਸ ਮੁਤਾਬਕ ਚਾਰ ਭਰਾ ਹੁੰਦੇ ਸਨ, ਪਰ ਇਸ ਬਾਰੇ ਪੱਕੀ ਜਾਣਕਾਰੀ ਕਿਸੇ ਕੋਲ ਨਹੀਂ ਹੈ। ਹਾਲਾਂਕਿ ਇਹ ਯਕੀਨ ਜ਼ਰੂਰ ਹੈ ਕਿ ਜੇਕਰ ਕੋਈ ਚੁਬਾਰਾ ਬਣਾਉਂਦਾ ਹੈ ਤਾਂ ਉਸਨੂੰ ਜਾਂ ਤਾਂ ਜਾਨੀ ਨੁਕਸਾਨ, ਪਰਿਵਾਰਕ ਨੁਕਸਾਨ ਜਾਂ ਫਿਰ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮਾਮਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਦਿਆਂ ਜਦੋਂ ਪੀਟੀਸੀ ਨਿਊਜ਼ ਦੀ ਟੀਮ ਪਿੰਡ ਸੁਰਾਜਪੁਰ ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਧਰਮਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਵੀ ਚੁਬਾਰਾ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਹ ਵੀ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਸਨ ਪਰ ਜਦੋਂ ਇਹ ਹਾਦਸਾ ਉਨ੍ਹਾਂ ਦੇ ਘਰ ਵਿੱਚ ਵਾਪਰਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਵੀ ਡਰ ਬੈਠ ਗਿਆ। ਉਸ ਤੋਂ ਬਾਅਦ ਕਿਸੇ ਵੀ ਪੀੜੀ ਨੇ ਚੁਬਾਰਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਸਾਇੰਟਿਫਿਕ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿੱਚ ਪਿੰਡ ਵਾਸੀ ਪੂਰਾ ਸਹਿਯੋਗ ਕਰਨਗੇ।
- PTC NEWS