Fazilka News : ਪਿੰਡ ਚੂਹੜੀਵਾਲਾ ਧੰਨਾ ਦੀ ਪੰਚਾਇਤ ਦਾ ਫ਼ੁਰਮਾਨ ,ਭੱਜ ਕੇ ਵਿਆਹ ਕਰਵਾਉਣ ਵਾਲਿਆਂ ਨੂੰ ਪਿੰਡ 'ਚੋਂ ਕੱਢਿਆ ਜਾਵੇਗਾ ,ਨਸ਼ਾ ਵੇਚਣ ਵਾਲਿਆਂ ਦਾ ਕੀਤਾ ਜਾਵੇਗਾ ਸਮਾਜਿਕ ਬਾਈਕਾਟ
Chuhri Wala Dhanna Panchayat : ਅਬੋਹਰ ਦੇ ਪਿੰਡ ਚੂਹੜੀਵਾਲਾ ਧੰਨਾ ਦੀ ਮਹਿਲਾ ਸਰਪੰਚ ਅਤੇ ਸਮੁੱਚੀ ਪੰਚਾਇਤ ਨੇ ਇੱਕ ਅਜਿਹਾ ਮਤਾ ਪਾਸ ਕੀਤਾ ਹੈ, ਜਿਸਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਪਿੰਡ ਚੂਹੜੀਵਾਲਾ ਧੰਨਾ ਦੀ ਪੰਚਾਇਤ ਨੇ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆ ਅਤੇ ਨਸ਼ਾ ਤਸਕਰੀ ਦੇ ਵਿਰੁੱਧ ਸਖ਼ਤ ਪਾਬੰਦੀਆਂ ਲਗਾਈਆਂ ਹਨ। ਪੰਚਾਇਤ ਦੇ ਫੈਸਲੇ ਅਨੁਸਾਰ ਅਜਿਹੇ ਲੋਕਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਉਸਦਾ ਵੀ ਬਾਈਕਾਟ ਕੀਤਾ ਜਾਵੇਗਾ।
ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਚੂਹੜੀਵਾਲਾ ਧੰਨਾ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪਿੰਡ ਦਾ ਕੋਈ ਮੁੰਡਾ ਅਤੇ ਕੁੜੀ ਭੱਜ ਕੇ ਵਿਆਹ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਸਕੂਲ ਦੀ ਛੁੱਟੀ ਦੇ ਸਮੇਂ ਚੌਂਕ -ਚੌਰਾਹੇ 'ਤੇ ਖੜ੍ਹਨ ਵਾਲੇ ਮੁੰਡਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਮਾਜ ਵਿੱਚ ਆਪਸੀ ਸਾਂਝ ਅਤੇ ਪਿਆਰ ਬਣਾਈ ਰੱਖਣ ਲਈ ਇਹ ਕਦਮ ਸ਼ਲਾਘਾਯੋਗ ਹੈ ਅਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ।
- PTC NEWS