Batala Police and Farmers Clash : ਸ੍ਰੀ ਹਰਗੋਬਿੰਦਪੁਰ 'ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ, 7 ਕਿਸਾਨ ਜ਼ਖ਼ਮੀ, ਵੇਖੋ ਕਿਵੇਂ ਚੁੱਕ-ਚੁੱਕ ਸੁੱਟੇ ਕਿਸਾਨ
Batala News : ਗੁਰਦਾਸਪੁਰ ਦੇ ਬਟਾਲਾ ਦੇ ਅਧੀਨ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪਿੰਡ ਭਰਥ ਤੇ ਨੰਗਲ ਝੌਰ ਵਿਖੇ ਪ੍ਰਸ਼ਾਸਨ ਅਤੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵਿਚਕਾਰ ਮੁੜ ਤੋਂ ਝੜਪ ਹੋਈ ਹੈ।
ਦੱਸ ਦਈਏ ਕਿ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇ ਦੀ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਤੜਕਸਾਰ ਆਪਣੀ ਕਾਰਵਾਈ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ। ਇਸ ਨੂੰ ਲੈ ਕੇ ਕਿਸਾਨਾਂ ਦੀ ਖਿੱਚ ਧੂਹ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਜਮੀਨਾਂ ਦਾ ਵਾਜਿਬ ਮੁੱਲ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਉਹ ਜ਼ਮੀਨ ਅਕਵਾਇਰ ਕਰਨ ਦਾ ਵਿਰੋਧ ਕਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ।
ਕਿਸਾਨਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਉਨ੍ਹਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਨਾਜਾਇਜ਼ ਮੁਆਵਜ਼ੇ ਦੀ ਪੇਸ਼ਕਸ਼ ਕੀਤੀ। ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਝੜਪ ਵਿੱਚ 7 ਕਿਸਾਨ ਜ਼ਖਮੀ ਹੋ ਗਏ ਹਨ। ਕਿਸਾਨਾਂ ਨੇ ਕਿਹਾ ਕਿ 7 ਕਿਸਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹਨ, ਜਿਨਾਂ ਨੂੰ ਹਰਚੋਵਾਲ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ, ਜਿਸ ਦਾ ਉਹ ਵਿਰੋਧ ਲਗਾਤਾਰ ਜਾਰੀ ਰੱਖਣਗੇ।
ਇਸ ਦੌਰਾਨ ਮੌਕੇ ਦੀਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਜੇਸੀਬੀ ਲੈ ਕੇ ਜ਼ਮੀਨ 'ਤੇ ਕਬਜ਼ਾ ਲੈਣ ਲਈ ਪਹੁੰਚੀ। ਇਸ ਦੌਰਾਨ ਫ਼ਸਲ ਬੀਜੀਆਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਧੱਕੇਸ਼ਾਹੀ ਨਾਲ ਮਸ਼ੀਨਾਂ ਚਲਾਈਆਂ ਗਈਆਂ। ਪਿੰਡ ਵਿੱਚ ਵਿਰੋਧ ਕਰਨ ਲਈ ਜਦੋਂ ਕਿਸਾਨਾਂ-ਮਜਦੂਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਅਤੇ ਨਾਹਰੇਬਾਜ਼ੀ ਕੀਤੀ ਤਾਂ ਪੁਲਿਸ ਵੱਲੋਂ ਖਿੱਚ-ਧੂਹ ਵੀ ਕੀਤੀ ਗਈ।
ਇਸ ਤੋਂ ਪਹਿਲਾਂ 5 ਮਾਰਚ ਨੂੰ ਚੰਡੀਗੜ੍ਹ ਵਿੱਚ ਧਰਨੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਸੀ। ਕਿਸਾਨ ਜਥੇਬੰਦੀਆਂ ਨੇ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਰਾਜ਼ਗੀ ਪ੍ਰਗਟਾਈ ਸੀ। ਕਿਸਾਨਾਂ ਨੇ ਦੱਸਿਆ ਕਿ 5 ਮਾਰਚ ਤੋਂ ਇੱਕ ਹਫ਼ਤੇ ਲਈ ਧਰਨੇ ਦੀ ਤਜਵੀਜ਼ ਹੈ। ਇਸ ਤੋਂ ਪਹਿਲਾਂ ਕਿ ਪੰਜਾਬ ਭਰ ਤੋਂ ਕਿਸਾਨ ਚੰਡੀਗੜ੍ਹ ਪੁੱਜਦੇ, ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ ਗਰੁੱਪਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ। ਹਾਲਾਂਕਿ ਕਈ ਥਾਵਾਂ 'ਤੇ ਕਿਸਾਨ ਸੜਕ 'ਤੇ ਹੀ ਹੜਤਾਲ 'ਤੇ ਬੈਠ ਗਏ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅੰਦੋਲਨ ਦੀ ਇਜਾਜ਼ਤ ਨਹੀਂ ਹੈ।
- PTC NEWS