''CM ਮਾਨ ਵੱਲੋਂ 328 ਪਾਵਨ ਸਰੂਪਾਂ ਦੇ ਮਸਲੇ ਨੂੰ ਸਿਆਸੀ ਰੋਟੀਆਂ ਸੇਕਣ ਲਈ ਵਰਤਿਆ ਜਾ ਰਿਹਾ'', ਜਲੰਧਰ 'ਚ ਅਕਾਲੀ ਦਲ ਨੇ SIT 'ਤੇ ਵੀ ਚੁੱਕੇ ਸਵਾਲ
Shiromani Akali Dal : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਅਤੇ ਦਿਹਾਤੀ ਦੇ ਆਗੂ ਸੀਨੀਅਰ ਲੀਡਰ ਮਹਿੰਦਰ ਸਿੰਘ ਕੇਪੀ, ਇਕਬਾਲ ਸਿੰਘ ਢੀਂਡਸਾ, ਬਚਿੱਤਰ ਸਿੰਘ ਕੌਹਾੜ, ਹਰਜਾਪ ਸਿੰਘ ਸੰਘਾ, ਬਲਦੇਵ ਖਹਿਰਾ,ਹਰਿੰਦਰ ਢੀਂਡਸਾ, ਬਲਦੇਵ ਸਿੰਘ ਕਲਿਆਣ, ਜਥੇਦਾਰ ਰਣਜੀਤ ਸਿੰਘ ਕਾਹਲੋਂ, ਗੁਰਮੀਤ ਸਿੰਘ ਦਾਦੂਵਾਲ, ਰਾਜਕਮਲ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪਿਛਲੇ ਸਮੇਂ ਤੋਂ ਸਰਕਾਰਾਂ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਾਅ ਲਾਉਣ ਅਤੇ ਕਮਜ਼ੋਰ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਸਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 328 ਪਾਵਨ ਸਰੂਪਾਂ ਦੇ ਮਸਲੇ ਨੂੰ ਰਾਜਨੀਤਿਕ ਰੋਟੀਆਂ ਸੇਕਣ ਲਈ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣੀ ਭਾਈ ਈਸ਼ਰ ਸਿੰਘ ਦੀ ਰਿਪੋਰਟ ਵਿੱਚ ਕਿਤੇ ਨਹੀਂ ਲਿਖਿਆ ਕਿ ਪਾਵਨ ਸਰੂਪ ਚੋਰੀ ਹੋਏ ਹਨ ਜਾਂ ਬੇਅਦਬੀ ਹੋਈ। "ਇਸ ਰਿਪੋਰਟ ਵਿੱਚ ਸਪਸ਼ੱਟ ਲਿਖਿਆ ਹੈ ਕਿ ਇਹ ਪਾਵਨ ਸਰੂਪ ਸੰਬੰਧਿਤ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਬਾਹਰ ਸੰਗਤਾਂ ਨੂੰ ਦਿੱਤੇ ਗਏ ਅਤੇ ਇਹਨਾਂ ਦੀ ਬਣਦੀ ਭੇਟਾ ਟ੍ਰਸਟ ਫੰਡਾ ਵਿੱਚ ਜਮ੍ਹਾ ਨਹੀਂ ਕਰਵਾਈ ਤੇ ਨਾਂ ਹੀਂ ਇਹਨਾਂ ਪਾਵਨ ਸਰੂਪਾਂ ਦਾ ਬਿੱਲ ਕੱਟਿਆ ਗਿਆ।" ਉਨ੍ਹਾਂ ਕਿਹਾ ਕਿ ਬੇਅਦਬੀਆਂ ਤਾਂ ਭਗਵੰਤ ਮਾਨ ਕਰ ਰਿਹਾ ਹੈ...
ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਉਭਰ ਰਹੀ ਤਾਕਤ ਕਾਰਨ ਬੌਖਲਾਹਟ ‘ਚ ਆਏ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ’ਤੇ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖ਼ਲ ਦੇਣ ਲਈ SIT ਦਾ ਗਠਨ ਕੀਤਾ ਹੈ।
ਇਸ SIT ਦਾ ਅਸਲ ਅਤੇ ਇਕਲੌਤਾ ਮਕਸਦ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਏਜੰਡੇ ਤਹਿਤ ਸ. ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣਾ ਹੈ। ਇਸ SIT ਵਿੱਚ ਜਾਣਬੁੱਝ ਕੇ ਉਹ ਅਫ਼ਸਰ ਸ਼ਾਮਿਲ ਕੀਤੇ ਗਏ ਹਨ, ਜੋ ਆਮ ਆਦਮੀ ਪਾਰਟੀ ਦੇ ਪਿਆਦੇ ਬਣ ਕੇ ਕੰਮ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਿੱਜੀ ਰੰਜਿਸ਼ ਰੱਖਦੇ ਹਨ।
ਇਹ ਹੈ SIT:
1. ਮੁੱਖੀ - ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੀਪੀ (CP) ਗੁਰਪ੍ਰੀਤ ਸਿੰਘ ਭੁੱਲਰ
ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਗੁਰਪ੍ਰੀਤ ਸਿੰਘ ਭੁੱਲਰ ਨੇ ਛੇ ਘੰਟਿਆਂ ਤੱਕ FIR ਦਰਜ ਕਰਨ ਦੀ ਖੇਚਲ ਤੱਕ ਨਹੀਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਰਿਕਾਰਡ ’ਤੇ ਆ ਕੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਹਮਲਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਕਰਵਾਇਆ ਹੋ ਸਕਦਾ ਹੈ।
2. SIT ਮੈਂਬਰ - ਐੱਸਪੀ (SP) ਹਰਪਾਲ ਸਿੰਘ
ਇਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਉਸ ਜਗ੍ਹਾ ਦੀ ਰੇਕੀ ਕਰਨ ਦੇ ਵਿੱਚ ਮਦਦ ਕੀਤੀ ਸੀ, ਜਿੱਥੇ ਸ. ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਸੇਵਾ ਨਿਭਾ ਰਹੇ ਸਨ।
3. SIT ਮੈਂਬਰ - ਐੱਸਪੀ (SP) ਗੁਰਬੰਸ ਸਿੰਘ ਬੈਂਸ
ਇਹ ਇੱਕ ਦਾਗ਼ੀ ਅਫ਼ਸਰ ਹੈ, ਜਿਸ ਨੂੰ ਅਕਾਲੀ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਮਿਲੀ ਸੀ ਅਤੇ ਇਹ ਉਸ SIT ਦਾ ਵੀ ਮੈਂਬਰ ਹੈ, ਜਿਸ ਨੇ ਸ. ਬਿਕਰਮ ਸਿੰਘ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕੀਤਾ ਹੈ।
4. SIT ਮੈਂਬਰ - ਡੀਐੱਸਪੀ (DSP) ਬੇਅੰਤ ਜੁਨੇਜਾ
ਇਹ ਪਟਿਆਲਾ ਦੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਸਕਾ ਭਰਾ ਹੈ ਅਤੇ ਹਾਲ ਹੀ ਵਿੱਚ ਉਸ ਨੂੰ ਤਰੱਕੀ ਦੇ ਕੇ ਲੁਧਿਆਣਾ ਵਿੱਚ DSP ਲਗਾਇਆ ਹੈ।
5. ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਮ ਆਦਮੀ ਪਾਰਟੀ ਨੇ ਹੁਣ ਸਾਬਕਾ SSP, ਤਰਨਤਾਰਨ - ਡਾ. ਰਵਜੋਤ ਕੌਰ ਗਰੇਵਾਲ, ਜਿਸ ਨੂੰ ਤਰਨਤਾਰਨ ਉਪ ਚੋਣ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ, ਨੂੰ ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਦੇ ਚਹੇਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਨੂੰ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਬਠਿੰਡਾ ਦੀ SSP ਨਿਯੁਕਤ ਕੀਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਪੱਸ਼ਟ ਤੌਰ ‘ਤੇ ਸਮਝ ਲੈਣੀ ਚਾਹੀਦੀ ਹੈ ਕਿ ਸੁਖਬੀਰ ਸਿੰਘ ਬਾਦਲ ਫੇਲ੍ਹ ਹੋ ਚੁੱਕੀ ਸਰਕਾਰ ਦੀਆਂ ਇਹਨਾਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਇਹ ਕਾਰਵਾਈਆਂ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਉਭਰ ਰਹੀ ਤਾਕਤ ਤੋਂ ਬੌਖਲਾਹਟ ਵਿੱਚ ਆਈ ਆਪ ਸਰਕਾਰ ਦੀ ਘਬਰਾਹਟ ਨੂੰ ਸਾਫ਼ ਦਰਸਾਉਂਦੀਆਂ ਹਨ। ਉਨ੍ਹਾਂ ਨੇ ਪੰਜਾਬੀਆਂ ਦੇ ਸਾਥ ਅਤੇ ਅਸੀਸਾਂ ਸਦਕਾ ਅਸੀਂ ਇਸ ਫੇਲ੍ਹ ਹੋ ਚੁੱਕੀ ਸਰਕਾਰ ਦਾ ਡਟ ਕੇ ਮੁਕਾਬਲਾ ਕਰਾਂਗੇ ਅਤੇ ਇਹਨਾਂ ਦਾ ਚਿਹਰਾ ਪੰਜਾਬੀਆਂ ਸਾਹਮਣੇ ਨੰਗਾ ਕਰਕੇ ਛੱਡਾਂਗੇ। ਜੇਕਰ ਗੁਰਧਾਮਾਂ ਤੇ ਦਖ਼ਲ ਅੰਦਾਜ਼ੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਇਸ ਦਾ ਇਕ ਦਿਨ ਖਮਿਆਜ਼ਾ ਭੁਗਤਨਾ ਪਵੇਗਾ।
ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ, ਅੰਮ੍ਰਿਤਬੀਰ ਸਿੰਘ, ਸਾਹਿਬ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਖਾਲਸਾ, ਗੁਰਬਚਨ ਸਿੰਘ ਕਥੂਰੀਆ, ਹਰਨੇਕ ਸਿੰਘ ਢਿੱਲੋਂ, ਰਵਿੰਦਰ ਸਿੰਘ ਸਵੀਟੀ, ਸੁਰਜੀਤ ਸਿੰਘ ਨੀਲਾਮਹਿਲ, ਬਲਬੀਰ ਸਿੰਘ ਚੋਹਾਨ, ਅਮਰੀਕ ਸਿੰਘ ਕੇਪੀ, ਗੁਰਕ੍ਰਿਪਾਲ ਸਿੰਘ ਭੱਟੀ,ਬਲਵਿੰਦਰ ਸਿੰਘ ਤਿੰਮੋਵਾਲ ਆਦਿ ਹਾਜ਼ਰ ਸਨ।
- PTC NEWS