Bajwa Slams CM Mann: ਸੀਐੱਮ ਮਾਨ ਨੂੰ ਪੰਚਾਇਤ ਭੰਗ ਕਰਨ ਦੇ ਦੋਸ਼ੀਆਂ ਬਾਰੇ ਦੇਣਾ ਚਾਹੀਦਾ ਹੈ ਸਪਸ਼ਟੀਕਰਨ : ਵਿਰੋਧੀ ਧਿਰ ਦੇ ਆਗੂ ਬਾਜਵਾ
Bajwa Slams CM Mann: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਚਾਇਤ ਵਿਭਾਗ ਦੇ ਮੁਅੱਤਲ ਕੀਤੇ ਗਏ ਨੌਕਰਸ਼ਾਹਾਂ ਵਿੱਚੋਂ ਇੱਕ ਨੂੰ ਮੁੜ ਬਹਾਲ ਕਰਨ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਕਿਹਾ ਕਿ 'ਆਪ' ਦੇ ਇਸ ਕਦਮ ਨੇ ਸਾਬਤ ਕਰ ਦਿੱਤਾ ਹੈ ਕਿ ਦੋਵੇਂ ਸੀਨੀਅਰ ਨੌਕਰਸ਼ਾਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸੀਨੀਅਰ ਨੌਕਰਸ਼ਾਹ ਡੀਕੇ ਤਿਵਾੜੀ ਨੂੰ ਮੁੜ ਬਹਾਲ ਕਰ ਕੇ ਇੱਕ ਹੋਰ ਯੂ-ਟਰਨ ਲੈ ਲਿਆ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਪੰਚਾਇਤਾਂ ਨੂੰ ਭੰਗ ਕਰਨ ਪਿੱਛੇ ਦੋਸ਼ੀ ਕੌਣ ਸੀ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ 'ਆਪ' ਸਰਕਾਰ ਦੇ ਇਸ ਬੇਈਮਾਨ ਕਾਰਨਾਮੇ ਪਿੱਛੇ ਕੌਣ ਸੀ, ਜਿਸ ਵਿਚ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੀ ਉਲੰਘਣਾ ਕੀਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਅਤੇ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅੱਤਲ ਕੀਤੇ ਜਾਣ ਦੇ ਇੱਕ ਮਹੀਨੇ ਬਾਅਦ ਉਨ੍ਹਾਂ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਿਊਜ਼ ਰਿਪੋਰਟ ਵਿੱਚ ਇਹ ਵੀ ਜ਼ੋਰ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਪੰਚਾਇਤਾਂ ਭੰਗ ਕਰਨ ਦੇ ਹੁਕਮਾਂ ਨਾਲ ਸਬੰਧਿਤ ਫਾਈਲ ਲੀਕ ਹੋਣ ਕਾਰਨ ਵਿਭਾਗ ਤੋਂ ਨਾਰਾਜ਼ ਸਨ ਜਿਸ 'ਤੇ ਮੁੱਖ ਮੰਤਰੀ ਮਾਨ ਦੇ ਦਸਤਖ਼ਤ ਸਨ।
ਉਨ੍ਹਾਂ ਕਿਹਾ ਕਿ ਪੰਚਾਇਤ ਭੰਗ ਕਰਨ ਦੇ ਹੁਕਮ ਵਾਪਸ ਲੈਣ 'ਤੇ 'ਆਪ' ਸਰਕਾਰ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਦੋ ਸੀਨੀਅਰ ਨੌਕਰਸ਼ਾਹਾਂ ਨੂੰ ਮੁਅੱਤਲ ਕਰ ਦਿੱਤਾ। ਪੰਜਾਬ ਕਾਂਗਰਸ ਦੇ ਦਬਾਅ ਤੋਂ ਬਾਅਦ ਹੀ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਦੌਰਾਨ ਮੁਅੱਤਲ ਕੀਤੇ ਗਏ ਨੌਕਰਸ਼ਾਹਾਂ ਵਿਚੋਂ ਇੱਕ ਨੂੰ ਜਾਂਚ ਰਿਪੋਰਟ ਦੀ ਉਡੀਕ ਕੀਤੇ ਬਿਨਾਂ ਵੀ ਬਹਾਲ ਕਰ ਦਿੱਤਾ ਗਿਆ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਲੋਕਤੰਤਰੀ ਸੰਸਥਾ ਦੀ ਨੈਤਿਕਤਾ ਦੀ ਉਲੰਘਣਾ ਕਰਨ ਲਈ ਜ਼ਿੰਮੇਵਾਰ ਹਨ ਕਿਉਂਕਿ ਦਸਤਾਵੇਜ਼ਾਂ 'ਤੇ ਦੋਵਾਂ ਦੇ ਦਸਤਖ਼ਤ ਸਨ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਅੱਤਲ ਕੀਤੇ ਗਏ ਸੀਨੀਅਰ ਨੌਕਰਸ਼ਾਹ ਗੁਰਪ੍ਰੀਤ ਸਿੰਘ ਖਹਿਰਾ ਨੂੰ ਵੀ ਬਹਾਲ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਸੱਚ ਦੱਸਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Paddy Procurement Begins: ਪੰਜਾਬ ਦੀਆਂ ਮੰਡੀਆਂ ’ਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਜਾਣੋ ਕਿਵੇਂ ਦੇ ਹਨ ਹਾਲ
- PTC NEWS