Deepika Luthra News : ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਆਰੋਪੀ ਪਟਿਆਲਾ ਤੋਂ ਗ੍ਰਿਫ਼ਤਾਰ , ਪੁਲਿਸ ਨੂੰ ਮਿਲਿਆ ਤਿੰਨ ਦਿਨ ਦਾ ਰਿਮਾਂਡ
Deepika Luthra News : ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ( Deepika Luthra ) ਨੂੰ ਈਮੇਲ ਜਰੀਏ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਆਰੋਪੀ ਨੂੰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਆਰੋਪੀ ਦਾ ਨਾਮ ਰਮਨਦੀਪ ਸਿੰਘ ਹੈ। ਅੰਮ੍ਰਿਤਸਰ ਪੁਲਿਸ ਨੇ ਆਰੋਪੀ ਰਮਨਦੀਪ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।
ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਜ਼ਰੀਏ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੀਪਿਕਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਸੁਰੱਖਿਆ ਲਈ ਦੀਪਿਕਾ ਦੇ ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕਰ ਦਿੱਤੇ ਹਨ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਧਮਕੀ ਦੇਣ ਵਾਲਾ ਆਰੋਪੀ ਰਮਨਦੀਪ ਸਿੰਘ ਪਟਿਆਲਾ ਵਿੱਚ ਲੁਕਿਆ ਹੋਇਆ ਹੈ। ਇਸ ਤਹਿਤ ਟੀਮ ਸੋਮਵਾਰ ਰਾਤ ਪਟਿਆਲਾ ਪਹੁੰਚੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਮਗਰੋਂ ਦੀਪਿਕਾ ਨੇ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ। ਦਰਅਸਲ 'ਚ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਮਹਿਰੋਂ ਵੱਲੋਂ ਦੀਪਿਕਾ ਦਾ ਨਾਮ ਲੈ ਕੇ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਦੀਪਿਕਾ ਲੂਥਰਾ ਦੀਆਂ ਵੀਡੀਓਜ਼ ਨੂੰ ਲੈ ਕੇ ਵੀ ਮਹਿਰੋਂ ਦੇ ਵੱਲੋਂ ਇਤਰਾਜ਼ ਕੀਤਾ ਗਿਆ ਸੀ ਤੇ ਉਸ ਵੱਲੋਂ ਤੁਰੰਤ ਵੀਡੀਓਜ਼ ਹਟਾਉਣ ਅਤੇ ਅਕਾਊਂਟ ਬੰਦ ਕਰ ਲਈ ਕਿਹਾ ਜਾ ਰਿਹਾ ਸੀ।
- PTC NEWS