ਦਿੱਲੀ ਗੁਰਦੁਆਰਾ ਕਮੇਟੀ ਨੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਗੁਰਮਤਿ ਦੀਵਾਨ ਸਜਾਏ ਗਏ ਜਿਹਨਾਂ ਵਿਚ ਰਾਗੀ ਸਿੰਘਾਂ ਦੇ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਬੰਧੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਮੁੱਖ ਗੁਰਮਤਿ ਸਮਾਗਮ ਆਯੋਜਿਤ ਹੋਇਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਲ ਉਮਰ ਵਿਚ ਹੀ ਦਿੱਲੀ ਦੀ ਸੰਗਤ ’ਤੇ ਪਰਉਪਕਾਰ ਕਰਦੇ ਹੋਏ ਚੇਚਕ ਦੀ ਬਿਮਾਰੀ ਦਾ ਇਲਾਜ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਪਰਉਪਕਾਰ ਕਰਦੇ ਹੋਏ ਬੇਸ਼ੱਕ ਆਪ ਜੋਤੀ ਜੋਤ ਸਮਾ ਪਏ, ਉਹਨਾਂ ਦੀ ਨਿਡਰਤਾ ਤੇ ਦਿਆਲਤਾ ਅੱਜ ਵੀ ਸਾਡੀ ਮਾਰਗ ਦਰਸ਼ਕ ਹੈ। ਉਹਨਾਂ ਕਿਹਾ ਕਿ ਅੱਜ ਵੀ ਲੱਖਾਂ ਹੀ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਰੋਜ਼ਾਨਾ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਉਹਨਾਂ ਕਿਹਾ ਕਿ ਇਹ ਉਹੀ ਅਸਥਾਨ ਹੈ ਜਿਥੇ ਜਦੋਂ ਸੰਗਤਾਂ ਨੂੰ ਭੀੜ ਪੈਂਦੀ ਹੈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਸਥਾਨ ਸੰਗਤਾਂ ਨੂੰ ਪਨਾਹ ਦਿੰਦਾ ਹੈ। ਇਹੀ ਕੁਝ ਪਿਛਲੇ ਸਮੇਂ ਵਿਚ ਦਿੱਲੀ ਵਿਚ ਵਾਪਰਿਆ ਜਦੋਂ ਬੱਚਿਆਂ ਨੂੰ ਇਥੇ ਪਨਾਹ ਦਿੱਤੀ ਗਈ, ਲੰਗਰ ਛਕਾਇਆ ਗਿਆ, ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ।
ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਜੀ ਦਾ ਹੀ ਪ੍ਰਤਾਪ ਹੈ ਕਿ ਅੱਜ ਦਿੱਲੀ ਵਿਚ ਜੇਕਰ ਸਭ ਤੋਂ ਸਸਤੀਆਂ ਦਵਾਈਆਂ ਮਿਲ ਰਹੀਆਂ ਹਨ ਤਾਂ ਉਹ ਬਾਲਾ ਪ੍ਰੀਤਮ ਦਵਾਖਾਨਿਆਂ ਵਿਚ ਮਿਲ ਰਹੀਆਂ ਹਨ, ,ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਜਿਥੇ ਸਭ ਤੋਂ ਸਸਤਾ ਡਾਇਲਸਿਸ ਹੁੰਦਾ ਹੈ, ਬਾਲਾ ਸਾਹਿਬ ਹਸਪਤਾਲ ਜਿਥੇ ਕੋਈ ਫੀਸ ਕਾਉਂਟਰ ਵੀ ਨਹੀਂ ਹੈ, ਜਿਥੇ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਮੁਫਤ ਕਿਡਨੀ ਡਾਇਲਸਿਸ ਕਰਵਾਉ਼ਦੀਆਂ ਹਨ, 50 ਬੈਡ ਦਾ ਹਸਪਤਾਲ ਖੋਲ੍ਹਿਆ ਗਿਆ, ਕਾਰਡੀਓਲਾਜੀ ਵਿਭਾਗ ਜਲਦ ਖੁੱਲ੍ਹ ਰਿਹਾ ਹੈ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਾਂ ਵਿਚ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਵਿਚੋਂ ਚੁਣੇ ਜਾਣ ਵਾਲੇ ਕੀਰਤਨੀ ਸਿੰਘਾਂ ਨੂੰ ਸ਼੍ਰੋਮਣੀ ਕੀਰਤਨੀਆ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਵਾਸਤੇ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਦੇਸ਼ ਵਿਦੇਸ਼ ਦੇ ਮਾਹਿਰ ਸ਼ਾਮਲ ਕੀਤੇ ਗਏ।
ਉਹਨਾਂ ਕਿਹਾ ਕਿ ਕਮੇਟੀ ਦੇ ਫੈਸਲੇ ਮੁਤਾਬਕ ਹੀ ਪਹਿਲਾ ਐਵਾਰਡ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਦਿੱਤਾ ਗਿਆ ਜਿਸ ਤਹਿਤ 11 ਲੱਖ ਦਾ ਇਨਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਥੇ ਮਾਇਆ ਦੀ ਗੱਲ ਨਹੀਂ ਬਲਕਿ ਜੋ ਸ਼ੈਲੀ ਸਾਨੂੰ ੁਗਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ, ਉਸਨੂੰ ਸਾਂਭ ਕੇ ਰੱਖਣ ਦੀ ਜ਼ਿੰਮੇਵਾਰੀ ਦੀ ਗੱਲ ਹੈ।
ਉਹਨਾਂ ਕਿਹਾ ਕਿ ਪੈਨਲ ਵੱਲੋਂ ਦਿੱਤੇ ਨਾਮ ਮੁਤਾਬਕ ਦੂਜਾ ਐਵਾਰਡ ਡਾ. ਗੁਰਨਾਮ ਸਿੰਘ ਨੂੰ ਅੱਜ ਸ਼੍ਰੋਮਣੀ ਕੀਰਤਨੀਏ ਐਵਾਰਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਕੀਰਤਨ ਸੇਵਾ ਐਵਾਰਡ ਜੋ ਪਹਿਲੀਵਾਰ ਦਿੱਤਾ ਜਾ ਰਿਹਾ ਹੈ, ਉਹ ਉਸ ਸ਼ਖਸੀਅਤ ਨੂੰ ਦਿੱਤਾ ਜਾ ਰਿਹਾ ਹੈ ਜੋ ਭਾਈ ਅਵਤਾਰ ਸਿੰਘ ਦੇ ਸਾਥੀ ਭਾਈ ਸਵਰਨ ਸਿੰਘ 90 ਸਾਲ ਦੀ ਉਮਰ ਵਿਚ ਪਿਛਲੇ 74 ਸਾਲਾਂ ਤੋਂ ਜੋੜੀ ਦੀ ਸੇਵਾ ਭਾਈ ਕੁਲਤਾਰ ਸਿੰਘ ਨਾਲ ਮਿਲ ਕੇ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਹ ਫੈਸਲੇ ਅਸੀਂ ਤਾਂ ਕੀਤੇ ਹਨ ਤੇ ਐਵਾਰਡ ਗੁਰੂ ਘਰ ਦੇ ਵਜ਼ੀਰਾਂ ਨੂੰ ਤਾਂ ਦੇ ਰਹੇ ਹਾਂ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਤੇ ਗੁਰੂ ਘਰ ਦੇ ਵਜ਼ੀਰ ਵੀ ਇਹ ਸਮਝ ਸਕਣ ਕਿ ਅਸੀਂ ਆਪਣੇ ਕਿਰਦਾਰ ਨੂੰ ਕਿਸ ਤਰੀਕੇ ਉੱਚਾ ਰੱਖਣਾ ਹੈ।
ਉਹਨਾਂ ਕਿਹਾ ਕਿ ਇਕ ਫੈਸਲਾ ਅਸੀਂ ਹੋਰ ਕੀਤਾ ਹੈ ਕਿ ਜਿਹੜਾ ਵੀ ਰਾਗੀ ਸਿੰਘ ਆਪਣੇ ਚੰਗੀ ਸ਼ੈਲੀ ਨਾਲ ਕੀਰਤਨ ਕਰਨਗੇ, ਉਹਨਾਂ ਦਾ ਪਹਿਰਾਵਾ,ਲੋਕਾਂ ਪ੍ਰਤੀ ਵਿਵਹਾਰ ਤੇ ਡਿਊਟੀ ਪ੍ਰਤੀ ਕਿਵੇਂ ਪਰਪੱਕ ਜੋ ਹੋਣਾ ਹੈ, ਉਸਨੂੰ ਵੀ ਹਰ ਸਾਲ ਸਵਾ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਤੋਂ 12 ਸਤੰਬਰ ਤੋਂ ਅਸੀਂ ਇਹ ਐਵਾਰਡ ਦਿੱਲੀ ਕਮੇਟੀ ਅਧੀਨ ਰਾਗੀ ਸਿੰਘਾਂ ਨੂੰ ਦੇਵਾਂਗੇ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਾਸਤੇ ਅਪੀਲ: ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਮੌਜੂਦਾ ਕਮੇਟੀ ਦੀ ਟੀਮ ਨੇ ਕਮੇਟੀ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਪਿਛਲੇ ਪ੍ਰਬੰਧਕਾਂ ਵੱਲੋਂ ਕੀਤੇ ਕੁਪ੍ਰਬੰਧ ਨੂੰ ਖ਼ਤਮ ਕਰ ਕੇ ਇਹਨਾਂ ਸਕੂਲਾਂ ਨੂੰ ਮੁੜ ਲੀਹ ’ਤੇ ਪਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਸਟਾਫ ਨੇ ਸਾਡੇ ਨਾਲ ਐਮ ਓ ਯੂ ਸਾਈਨ ਕੀਤੇ ਹਨ ਤੇ ਅਸੀਂ 25-25 ਸਾਲਾਂ ਤੋਂ ਰੁਕੇ ਹੋਏ ਸਾਰੇ ਬਕਾਏ ਜਾਰੀ ਕਰ ਰਹੇ ਹਾਂ।
ਉਹਨਾਂ ਕਿਹਾ ਕਿ ਇਸੇ ਤਰੀਕੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਵਰੋਸਾਏ ਬਾਬਾ ਸੁਰਿੰਦਰ ਸਿੰਘ ਤੇ ਹੋਰ ਮਹਾਂਪੁਰਖਾਂ ਵੱਲੋਂ ਬਹੁਤ ਵੱਡੀ ਸੇਵਾ ਕਮੇਟੀ ਅਧੀਨ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਕੀਤੀ ਜਾ ਰਹੀ ਹੈ ਜਿਸ ਵਾਸਤੇ ਦਿੱਲੀ ਦੀਆਂ ਸਮੂਹ ਸੰਗਤਾਂ ਵੱਧ ਚੜ੍ਹ ਕੇ ਕਮੇਟੀ ਨੂੰ ਇਹਨਾਂ ਹੋਰ ਕਾਰਜਾਂ ਵਾਸਤੇ ਸਹਿਯੋਗ ਦੇਣ।
ਇਸ ਮੌਕੇ ਉਹਨਾਂ ਦੱਸਿਆ ਕਿ ਜੋ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੀ ਸੇਵਾ ਹੋਈ ਹੈ ਉਸਦੀ ਸੇਵਾ ਸਰਦਾਰ ਗੁਰਜੀਤ ਸਿੰਘ ਚਲਾਵਾ ਨਿਊ ਜਰਸੀ ਅਮਰੀਕਾ ਤੋਂ ਪਰਿਵਾਰ ਨੇ ਕੀਤੀ ਹੈ। ਉਹਨਾਂ ਪਹਿਲਾਂ ਵੀ ਇਹ ਸੇਵਾ ਕੀਤੀ ਸੀ ਤੇ ਅੱਜ ਫਿਰ ਸੇਵਾ ਉਹਨਾਂ ਵੱਲੋਂ ਕੀਤੀ ਗਈ ਹੈ।
- PTC NEWS