DM ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ’ਚ ਸੀਐੱਮ ਭਗਵੰਤ ਮਾਨ ਵੱਲੋਂ CBI ਜਾਂਚ ਤੋਂ ਕੋਰੀ ਨਾਂਹ, ਕਿਹਾ...
DM Gagandeep Singh Randhawa Death Case : ਪੰਜਾਬ ਦੇ ਅੰਮ੍ਰਿਤਸਰ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ (DM Gagandeep Singh Randhawa) ਦੀ ਆਤਮਹੱਤਿਆ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਖੁਦ ਜਾਂਚ ਕਰਾਂਗੇ। ਪੰਜਾਬ ਪੁਲਿਸ ਹਰ ਜਾਂਚ ਦੇ ਕਾਬਿਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਮਲੇ ’ਚ ਮੰਤਰੀ ਦਾ ਅਸਤੀਫਾ ਵੀ ਲੈ ਲਿਆ ਹੈ ਅਤੇ ਗ੍ਰਿਫਤਾਰੀ ਵੀ ਹੋ ਗਈ ਹੈ।
ਸੀਐੱਮ ਮਾਨ ਨੇ ਆਪਣੇ ਬਿਆਨ ’ਤੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਮਾਮਲਿਆਂ ’ਚ ਸੀਬੀਆਈ ਜਾਂਚ ਕਿਉਂ ਨਹੀਂ ਹੋਈ। ਹਰਿਆਣਾ ’ਚ ਏਡੀਜੀਪੀ ਦੀ ਮੌਤ ਦੀ ਜਾਖੜ ਨੇ ਸੀਬੀਆਈ ਜਾਂਚ ਨੇ ਕਿਉਂ ਨਹੀਂ ਮੰਗੀ ਗਈ। ਨਾਲ ਹੀ ਰਾਜਾ ਵੜਿੰਗ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ’ਤੇ ਵੀ ਸੀਐੱਮ ਮਾਨ ਭੜਕਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਵੜਿੰਗ ਦਾ ਨਾਂਅ ਲੈ ਕੇ ਪੂਰੇ ਪਰਿਵਾਰ ਨੇ ਖੁਦਕੁਸ਼ੀ ਕੀਤੀ ਸੀ। ਵੜਿੰਗ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ। ਵੜਿੰਗ ਖਿਲਾਫ ਸੀਬੀਆਈ ਜਾਂਚ ਕਿਉਂ ਨਹੀਂ ਹੋਈ।
ਕੀ ਹੈ ਪੂਰਾ ਮਾਮਲਾ
ਕਾਬਿਲੇਗੌਰ ਹੈ ਕਿ ਗਗਨਦੀਪ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਰਾਤ ਨੂੰ ਸਲਫਾਸ ਨਿਗਲ ਲਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਆਪਣੀ ਮੌਤ ਤੋਂ ਪਹਿਲਾਂ ਬਣਾਈ ਗਈ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦਾ ਨਾਮ ਲਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਦਬਾਅ ਹੇਠ, ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਵਿਰੁੱਧ ਕੇਸ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਰੰਧਾਵਾ ਦੀ ਪਤਨੀ ਨੇ ਕੀ ਇਲਜ਼ਾਮ ਲਾਏ ਸੀ ?
ਮ੍ਰਿਤਕ ਅਧਿਕਾਰੀ ਗਗਨਦੀਪ ਰੰਧਾਵਾ ਦੀ ਪਤਨੀ ਉਪਿੰਦਰ ਕੌਰ (45) ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਮੇਰੇ ਪਤੀ, ਗਗਨਦੀਪ ਸਿੰਘ ਰੰਧਾਵਾ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਿੱਚ ਜ਼ਿਲ੍ਹਾ ਮੈਨੇਜਰ ਸਨ ਅਤੇ ਉਨ੍ਹਾਂ ਕੋਲ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦਾ ਚਾਰਜ ਸੀ। ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ ਅਕਤੂਬਰ 2025 ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੇਂ ਗੁਦਾਮਾਂ ਦੀ ਉਸਾਰੀ ਲਈ ਟੈਂਡਰ ਜਾਰੀ ਕੀਤੇ ਗਏ ਸਨ। ਟੈਂਡਰਾਂ ਲਈ ਚੰਡੀਗੜ੍ਹ ਤੋਂ ਪ੍ਰਵਾਨਗੀ ਲੈਣੀ ਪੈਂਦੀ ਸੀ। ਇਨ੍ਹਾਂ ਟੈਂਡਰਾਂ ਲਈ ਮੰਤਰੀ ਨੇ ਆਪਣੇ ਪਿਤਾ ਦੇ ਨਾਂ 'ਤੇ ਟੈਂਡਰ ਜਮ੍ਹਾ ਕਰਵਾਏ ਸਨ। ਹਰਿਆਣਾ ਖ਼ਬਰਾਂ
ਰੰਧਾਵਾ ਦੀ ਪਤਨੀ ਨੇ ਕਿਹਾ ਸੀ ਕਿ ਭੁੱਲਰ ਨੇ ਉਸਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਇਹ ਗੈਂਗਸਟਰ ਮੇਰੇ ਸਰਪ੍ਰਸਤ ਹਨ। ਤੁਹਾਡੇ ਪਰਿਵਾਰ ਨੂੰ ਤਬਾਹ ਕਰਨ ਲਈ ਇੱਕ ਇਸ਼ਾਰਾ ਕਾਫ਼ੀ ਹੈ। ਜੇਕਰ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਨਹੀਂ ਕਰ ਸਕਦੇ, ਤਾਂ ਤੁਸੀਂ ਜੀਣ ਦੇ ਲਾਇਕ ਨਹੀਂ ਹੋ; ਤੂੰ ਜ਼ਹਿਰ ਖਾ ਲੈ।" ਇਸ ਤੋਂ ਬਾਅਦ, ਉਸਦੇ ਪਤੀ ਨੇ ਖੁਦਕੁਸ਼ੀ ਕਰ ਲਈ ਸੀ।
ਹੁਣ ਤੱਕ ਕੀ ਕੁਝ ਹੋਇਆ
ਫਿਲਹਾਲ ਹੁਣ ਡੀਐਮ ਗਗਨਦੀਪ ਸਿੰਘ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਮਗਰੋਂ ਪਰਿਵਾਰ ਪੋਸਟਮਾਰਟਮ ਅਤੇ ਅੰਤਿਮ ਰਸਮਾਂ ਦੇ ਲਈ ਮੰਨਿਆ ਹੈ। ਉੱਥੇ ਹੀ ਦੂਜੇ ਪਾਸੇ ਲਾਲਜੀਤ ਸਿੰਘ ਭੁੱਲਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Faridkot ’ਚ ਕਰਜ਼ੇ ਦੇ ਦੈਂਤ ਨੇ ਨਿਗਲੇ ਦੋ ਸਕੇ ਕਿਸਾਨ ਭਰਾ; ਇੱਕ ਦੂਜੇ ਦਾ ਹੱਥ ਫੜਕੇ ਟ੍ਰੇਨ ਅੱਗੇ ਮਾਰੀ ਛਾਲ, ਹੋਈ ਮੌਤ
- PTC NEWS