ਡੀ.ਐੱਮ. ਖ਼ੁਦਕੁਸ਼ੀ ਮਾਮਲਾ, ਸਾਬਕਾ ਮੰਤਰੀ ਭੁੱਲਰ ਦੇ ਪਿਤਾ ਤੇ ਪੀ.ਏ. ਦੀ ਅਗਾਊਂ ਜ਼ਮਾਨਤ ਹਾਈਕੋਰਟ ਵਲੋ ਰੱਦ
Gagandeep Singh Randhawa case: ਹਾਈ ਕੋਰਟ ਨੇ ਤਰਨਤਾਰਨ ਵਿੱਚ ਪੰਜਾਬ ਵੇਅਰਹਾਊਸਿੰਗ ਦੇ ਜ਼ਿਲ੍ਹਾ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ (PA) ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਜਸਟਿਸ ਅਮਨ ਚੌਧਰੀ ਦੀ ਅਦਾਲਤ ਵਿੱਚ ਹੋਈ।
ਇਹ ਘਟਨਾ 21 ਮਾਰਚ ਦੀ ਹੈ, ਗਗਨਦੀਪ ਸਿੰਘ ਰੰਧਾਵਾ ਨੇ ਵੀਡੀਓ ਬਣਾਉਂਦੇ ਸਮੇਂ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਖੁਦਕੁਸ਼ੀ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀਏ ਦਿਲਬਾਗ ਸਿੰਘ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਉਨ੍ਹਾਂ 'ਤੇ ਦਬਾਅ ਪਾਇਆ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਇਨ੍ਹਾਂ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਪੁਲਿਸ ਹਿਰਾਸਤ ਤੋਂ ਬਾਹਰ ਹਨ
ਘਟਨਾ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ। ਇਸ ਦੌਰਾਨ, ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਪੁਲਿਸ ਹਿਰਾਸਤ ਤੋਂ ਬਾਹਰ ਹਨ। ਦੋਵਾਂ ਨੇ ਪਹਿਲਾਂ ਸਥਾਨਕ ਅਦਾਲਤ ਅਤੇ ਬਾਅਦ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀਆਂ ਦਾਇਰ ਕੀਤੀਆਂ ਸਨ ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਫਿਰ ਉਹ ਹਾਈ ਕੋਰਟ ਪਹੁੰਚੇ।
ਸੀਬੀਆਈ ਜਾਂਚ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ
ਮ੍ਰਿਤਕ ਦੀ ਪਤਨੀ ਉਪਿੰਦਰ ਕੌਰ ਜੌਲੀ ਨੇ ਇਸ ਮਾਮਲੇ ਦੀ ਸੀਬੀਆਈ (CBI) ਜਾਂਚ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ; ਹਾਲਾਂਕਿ, ਇਹ ਪਟੀਸ਼ਨ ਹਾਲ ਹੀ ਵਿੱਚ ਵਾਪਸ ਲੈ ਲਈ ਗਈ ਸੀ।
ਟੈਂਡਰ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ
ਪੁਲਿਸ ਅਨੁਸਾਰ, ਇਹ ਵਿਵਾਦ ਪੰਜਾਬ ਵੇਅਰਹਾਊਸਿੰਗ ਨਾਲ ਸਬੰਧਤ ਇੱਕ ਟੈਂਡਰ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੋਸ਼ ਹੈ ਕਿ ਰੰਧਾਵਾ ਨੂੰ ਇੱਕ ਰਿਹਾਇਸ਼ 'ਤੇ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਅਧਿਕਾਰੀਆਂ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਹੋਣ ਤੋਂ ਬਾਅਦ, ਹੁਣ ਦੋਵਾਂ ਮੁਲਜ਼ਮਾਂ ਕੋਲ ਸੁਪਰੀਮ ਕੋਰਟ ਜਾਣ ਜਾਂ ਆਤਮ-ਸਮਰਪਣ ਕਰਨ ਦਾ ਵਿਕਲਪ ਹੈ।
- PTC NEWS