Sat, Sep 19, 2026
Whatsapp

weather News: ਪੰਜਾਬ ‘ਚ ਮੌਸਮ ਦਾ ਵੱਡਾ ਬਦਲਾਅ, 8 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ

ਮੌਸਮ ਵਿਭਾਗ ਮੁਤਾਬਕ ਖੇਤਰ ਵਿੱਚ ਹੁਣ ਪੱਛਮੀ ਹਵਾਵਾਂ ਸਰਗਰਮ ਹੋ ਗਈਆਂ ਹਨ। ਇਨ੍ਹਾਂ ਖ਼ੁਸ਼ਕ ਹਵਾਵਾਂ ਦੇ ਚੱਲਣ ਕਾਰਨ ਦਿਨ ਵੇਲੇ ਧੁੱਪ ਤਿੱਖੀ ਹੋਣ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ

Reported by:  PTC News Desk  Edited by:  Amritpal Singh -- September 19th 2026 10:28 AM
weather News: ਪੰਜਾਬ ‘ਚ ਮੌਸਮ ਦਾ ਵੱਡਾ ਬਦਲਾਅ, 8 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ

weather News: ਪੰਜਾਬ ‘ਚ ਮੌਸਮ ਦਾ ਵੱਡਾ ਬਦਲਾਅ, 8 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ

Punjab Weather News: ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਇੱਕ ਵਾਰ ਮੁੜ ਬਦਲਣ ਜਾ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ ਅੱਜ ਸੂਬੇ ਦੇ 8 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਰੂਪਨਗਰ ਵਿੱਚ ਕੁਝ ਥਾਵਾਂ ‘ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਅਸਮਾਨ ਵਿੱਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਵਾਰ ਗਰਜ-ਚਮਕ ਨਾਲ ਹਲਕੀਆਂ ਬੁਛਾਰਾਂ ਪੈ ਸਕਦੀਆਂ ਹਨ। ਹਾਲਾਂਕਿ, ਕੱਲ੍ਹ ਤੋਂ ਪੰਜਾਬ ਭਰ ਵਿੱਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।

ਪੱਛਮੀ ਹਵਾਵਾਂ ਦੀ ਦਸਤਕ, ਤਾਪਮਾਨ ‘ਚ ਵਧੇਗਾ ਅੰਤਰ

ਮੌਸਮ ਵਿਭਾਗ ਮੁਤਾਬਕ ਖੇਤਰ ਵਿੱਚ ਹੁਣ ਪੱਛਮੀ ਹਵਾਵਾਂ ਸਰਗਰਮ ਹੋ ਗਈਆਂ ਹਨ। ਇਨ੍ਹਾਂ ਖ਼ੁਸ਼ਕ ਹਵਾਵਾਂ ਦੇ ਚੱਲਣ ਕਾਰਨ ਦਿਨ ਵੇਲੇ ਧੁੱਪ ਤਿੱਖੀ ਹੋਣ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ, ਜਦੋਂ ਕਿ ਸਵੇਰ ਅਤੇ ਦੇਰ ਸ਼ਾਮ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਇਸ ਨਾਲ ਦਿਨ ਅਤੇ ਰਾਤ ਦੇ ਤਾਪਮਾਨ ਵਿਚਲਾ ਪਾੜਾ ਕਾਫ਼ੀ ਵਧ ਜਾਵੇਗਾ। ਮੌਜੂਦਾ ਅੰਕੜਿਆਂ ਅਨੁਸਾਰ ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ, ਜੋ ਹੁਣ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਫ਼ਰੀਦਕੋਟ ਵਿੱਚ ਸਭ ਤੋਂ ਵੱਧ 35.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

ਬੱਦਲ ਬਣਨ ਦੀ ਪ੍ਰਕਿਰਿਆ ਘਟੇਗੀ

ਮੌਸਮ ਮਾਹਿਰਾਂ ਅਨੁਸਾਰ ਥਾਈਲੈਂਡ ਨੂੰ ਪਾਰ ਕਰ ਚੁੱਕਿਆ ਘੱਟ ਦਬਾਅ ਵਾਲਾ ਖੇਤਰ ਹੁਣ ਬੰਗਾਲ ਦੀ ਖਾੜੀ ਵਿੱਚ ਸਰਗਰਮ ਹੋ ਰਿਹਾ ਹੈ, ਜਿਸ ਦੀ ਟਰੱਫ਼ ਰੇਖਾ ਓਡੀਸ਼ਾ ਤੱਕ ਫੈਲੀ ਹੋਈ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਉੱਪਰ ਇੱਕ ਐਂਟੀ-ਸਾਈਕਲੋਨ ਸਿਸਟਮ ਵਿਕਸਿਤ ਹੋ ਰਿਹਾ ਹੈ। ਇਸ ਮੌਸਮੀ ਪ੍ਰਣਾਲੀ ਕਾਰਨ ਹਵਾ ਘੜੀ ਦੀ ਦਿਸ਼ਾ ਵਿੱਚ ਘੁੰਮ ਕੇ ਧਰਤੀ ਵੱਲ ਹੇਠਾਂ ਉਤਰਦੀ ਹੈ, ਜਿਸ ਨੂੰ ਮੌਸਮ ਵਿਗਿਆਨ ਦੀ ਭਾਸ਼ਾ ਵਿੱਚ ‘ਸਬਸਿਡੈਂਸ’ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਕਾਰਨ ਅਸਮਾਨ ਵਿੱਚ ਬੱਦਲ ਨਹੀਂ ਬਣਦੇ ਅਤੇ ਧੁੱਪ ਨਿਕਲਣ ਨਾਲ ਮੌਸਮ ਬਿਲਕੁਲ ਸਾਫ਼ ਹੋ ਜਾਂਦਾ ਹੈ। ਇਸ ਦਾ ਸਿੱਧਾ ਅਸਰ ਪੰਜਾਬ ਦੇ ਬਹੁਤੇ ਇਲਾਕਿਆਂ ‘ਤੇ ਪਵੇਗਾ ਅਤੇ ਮੌਸਮ ਸਾਫ਼ ਹੁੰਦਾ ਚਲਾ ਜਾਵੇਗਾ। ਇਸ ਤੋਂ ਇਲਾਵਾ ਮੌਸਮੀ ਟਰੱਫ਼ ਮੱਧ ਭਾਰਤ ਉੱਤੋਂ ਲੰਘ ਰਹੀ ਹੈ, ਜਦਕਿ ਸੌਰਾਸ਼ਟਰ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਬਣਿਆ ਚੱਕਰਵਾਤੀ ਘੇਰਾ ਵੀ ਹੁਣ ਕਮਜ਼ੋਰ ਪੈਣ ਲੱਗਾ ਹੈ।

ਮਾਨਸੂਨ ਦੀ ਵਾਪਸੀ ਲਈ ਰਾਹ ਪੱਧਰਾ

ਅੱਜ ਤੋਂ ਪੱਛਮੀ ਗਰਮ ਹਵਾਵਾਂ ਦੀ ਆਮਦ ਤੇਜ਼ ਹੋਣ ਨਾਲ ਮਾਨਸੂਨ ਦੀ ਰਸਮੀ ਵਿਦਾਇਗੀ ਦਾ ਰਾਹ ਸੁਖਾਲਾ ਹੁੰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਮਾਨਸੂਨ ਦੀ ਵਾਪਸੀ ਦੀ ਸ਼ੁਰੂਆਤ ਪੱਛਮੀ ਰਾਜਸਥਾਨ ਤੋਂ ਹੁੰਦੀ ਹੈ, ਪਰ ਇਸ ਦਾ ਪ੍ਰਭਾਵ ਪੰਜਾਬ ਦੇ ਮੌਸਮ ਦੇ ਸਾਫ਼ ਹੋਣ ਵਜੋਂ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਵੱਲੋਂ ਫ਼ਿਲਹਾਲ ਪੰਜਾਬ ਵਿੱਚੋਂ ਮਾਨਸੂਨ ਦੇ ਜਾਣ ਦੀ ਕੋਈ ਅਧਿਕਾਰਤ ਤਰੀਕ ਐਲਾਨੀ ਨਹੀਂ ਗਈ ਹੈ, ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ 20 ਜਾਂ 21 ਤਰੀਕ ਦੇ ਆਸ-ਪਾਸ ਵਾਪਸੀ ਦੀ ਪ੍ਰਕਿਰਿਆ ਆਰੰਭ ਹੋ ਸਕਦੀ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਪੰਜਾਬ ਵਿੱਚੋਂ 24 ਸਤੰਬਰ ਨੂੰ ਮਾਨਸੂਨ ਦੀ ਮੁਕੰਮਲ ਵਿਦਾਇਗੀ ਦਰਜ ਕੀਤੀ ਗਈ ਸੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK