CM ਮਾਨ ਵੱਲੋਂ ਵੰਡੇ ਗਏ ਨਿਯੁਕਤੀ ਪੱਤਰ ਦੌਰਾਨ ਹੋਇਆ ਹੰਗਾਮਾ, ਦੋ ਕੁੜੀਆਂ ਨੇ ਸਿਫਾਰਸ਼ੀ ਨਿਯੁਕਤੀ ਨੂੰ ਪਹਿਲ ਦਿੱਤੇ ਜਾਣ ਦੇ ਲਾਏ ਇਲਜ਼ਾਮ
Chandigarh News: ਪੰਜਾਬ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਪਰ ਉੱਥੇ ਹੀ ਗੇਟ ਦੇ ਬਾਹਰ ਖੜੀਆ ਦੋ ਕੁੜੀਆਂ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਜਿਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਲਈ ਮੇਲ ਵੀ ਆਉਂਦੀ ਹੈ ਅਤੇ ਮੈਰਿਟ ਲਿਸਟ ਦੇ ਅਧਾਰ ’ਤੇ ਚੁਣ ਵੀ ਲਿਆ ਜਾਂਦਾ ਹੈ ਪਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਅਤੇ ਤਕਨੀਕੀ ਕਾਰਨਾਂ ਕਰਕੇ ਰੋਕ ਦਿੱਤਾ ਜਾਂਦਾ ਹੈ।
ਗੇਟ ਬਾਹਰ ਖੜੀਆਂ ਦੋਵੇਂ ਕੁੜੀਆਂ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਉਸ ਥਾਂ ’ਤੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਣਾ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਤੋਂ ਪਿੱਛੇ ਰੈਂਕ ਵਾਲੀਆਂ ਦੋ ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਲਈ ਚੁਣ ਲਿਆ ਗਿਆ ਹੈ ਪਰ ਉਨ੍ਹਾਂ ਨੂੰ ਨਿਯੁਰਤੀ ਪੱਤਰ ਦੇ ਲਈ ਅੰਦਰ ਤੱਕ ਵੀ ਜਾਣ ਨਹੀਂ ਦਿੱਤਾ ਗਿਆ।
ਰਵਨੀਤ ਅਤੇ ਪੂਰਵਾ ਨਾਮ ਦੀਆਂ ਇਹਨਾਂ ਦੋ ਕੁੜੀਆਂ ਨੇ ਕਿਹਾ ਕਿ ਪਹਿਲਾਂ ਸਾਡੀ ਚੋਣ ਵੀ ਹੋਈ ਤੇ ਪਹੁੰਚਣ ਲਈ ਸੱਦਾ ਵੀ ਮਿਲਿਆ ਪਰ ਹੁਣ ਇੱਕ ਹੋਰ ਈ-ਮੇਲ ਆਈ ਜਿਸ ’ਚ ਤਕਨੀਕੀ ਕਾਰਣਾਂ ਦਾ ਜ਼ਿਕਰ ਕਰ ਕੇ ਸਾਨੂੰ ਰੋਕ ਦਿੱਤਾ ਗਿਆ ਹੈ।
ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਉਨ੍ਹਾਂ ਦੀ ਥਾਂ ’ਤੇ ਕਿਸੇ ਸਿਫਾਰਸ਼ੀ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੂੰ ਪੁਲਿਸ ਇੱਥੇ ਨਜ਼ਦੀਕ ਮੁੱਖ ਮੰਤਰੀ ਜਾਂ ਕਿਸੇ ਅਫਸਰ ਤੱਕ ਵੀ ਜਾਣ ਨਹੀਂ ਦੇ ਰਹੀ ਇਥੋਂ ਤੱਕ ਕਿ ਜਦੋਂ ਉਨ੍ਹਾਂ ਕਿਸੇ ਅਫਸਰ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਸੋਮਵਾਰ ਨੂੰ ਆਉਣ ਲਈ ਕਿਹਾ, ਹਾਲਾਂਕਿ ਜਿਹੜੀ ਇਨ੍ਹਾਂ ਨੂੰ ਈਮੇਲ ਆਈ ਹੈ ਉਸਦੇ ਵਿੱਚ ਸਾਫ ਕਰ ਦਿੱਤਾ ਗਿਆ ਹੈ ਕਿ ਜੇਕਰ ਇਸ ਤੋਂ ਬਾਅਦ ਤੁਹਾਨੂੰ ਕੋਈ ਹੋਰ ਮੈਸੇਜ ਨਹੀਂ ਆਉਂਦਾ ਤਾਂ ਤੁਸੀਂ ਇਹ ਸਮਝ ਲੈਣਾ ਕਿ ਇਹੀ ਸਾਡਾ ਆਖਰੀ ਮੈਸੇਜ ਹੈ ਤੇ ਤੁਹਾਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਣਗੇ।
- PTC NEWS