Punjab News : ਬਿਜਲੀ ਕਰਮਚਾਰੀਆਂ ਦੀ ਹੜਤਾਲ ਖ਼ਤਮ , ਬਿਜਲੀ ਮੰਤਰੀ ਹਰਭਜਨ ਸਿੰਘ ETO ਨਾਲ ਮੀਟਿੰਗ 'ਚ ਬਣੀ ਸਹਿਮਤੀ
Electricity workers strike end : ਪੰਜਾਬ 'ਚ ਪਿਛਲੇ 4 ਦਿਨਾਂ ਤੋਂ ਚੱਲ ਰਹੀ ਬਿਜਲੀ ਕਰਮਚਾਰੀਆਂ ਦੀ ਹੜਤਾਲ ਅੱਜ ਖਤਮ ਹੋ ਗਈ ਹੈ। ਬਿਜਲੀ ਕਰਮਚਾਰੀਆਂ ਦੀ ਬਿਜਲੀ ਮੰਤਰੀ ਹਰਭਜਨ ਸਿੰਘ ETO ਨਾਲ ਮੀਟਿੰਗ 'ਚ ਕੁੱਝ ਮੰਗਾਂ 'ਤੇ ਸਹਿਮਤੀ ਬਣੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਸਰਕਾਰ ਸਰਕਾਰੀ ਕਰਮਚਾਰੀਆਂ ਦੀ ਹਰ ਜਾਇਜ਼ ਮੰਗ ਨੂੰ ਮੰਨਣ ਲਈ ਤਿਆਰ ਹੈ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ. ਓ. ਨਾਲ ਅੱਜ ਪਟਿਆਲਾ ਵਿਖੇ ਹੋਏ ਮੀਟਿੰਗ ਉਪਰੰਤ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿਤੀ 10.08.25 ਅਤੇ 14.08.2025 ਨੂੰ ਹਰਪਾਲ ਸਿੰਘ ਚੀਮਾ, ਮਾਨਯੋਗ ਵਿੱਤ ਮੰਤਰੀ ਪੰਜਾਬ ਅਤੇ ਹਰਭਜਨ ਸਿੰਘ ਟੀ.ਟੀ.ਓ ਮਾਨਯੋਗ ਬਿਜਲੀ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਪੀ.ਐਸ.ਪੀ.ਸੀ.ਐਲ. ਪ੍ਰਸ਼ਾਸ਼ਨ ਦੀ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਪੰਜਾਬ ਭਵਨ, ਅਤੇ ਪੀਐਸਪੀਸੀਐਲ ਗੈਸਟ ਹਾਊਸ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੀ ਦੌਰਾਨ ਵਲੋਂ ਜ਼ੋ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੰਗਾਂ ਰੱਖੀਆਂ ਗਈਆਂ ਸਨ ,ਉਨ੍ਹਾਂ ਪ੍ਰਵਾਨ ਕਰਨ ਸਬੰਧੀ ਮਿੰਟਸ ਆਫ਼ ਮੀਟਿੰਗ ਦੀ ਕਾਪੀ ਵੀ ਮੁੱਹਈਆ ਕਰਵਾ ਦਿੱਤੀ ਗਈ।
ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਵੱਧ ਮੁਆਵਜ਼ਾ, ਡਿਊਟੀ ਦੌਰਾਨ ਜ਼ਖਮੀ ਹੋਏ ਵਰਕਰਾਂ ਦਾ ਪੂਰਾ ਇਲਾਜ, ਠੇਕੇ 'ਤੇ ਕੰਮ ਕਰਨ ਵਾਲੇ ਵਰਕਰਾਂ ਦੀ ਸਥਾਈ ਭਰਤੀ, ਪੁਰਾਣੀ ਪੈਨਸ਼ਨ ਦੀ ਬਹਾਲੀ, ਤਨਖਾਹ ਸਮਾਨਤਾ, ਮਹਿਲਾ ਕਰਮਚਾਰੀਆਂ ਲਈ ਵੱਖਰੇ ਪਖਾਨੇ ਅਤੇ ਖਸਤਾ ਹਾਲਤ ਦਫਤਰਾਂ ਦੀ ਮੁਰੰਮਤ ਸ਼ਾਮਲ ਹਨ।
ਦੱਸ ਦਈਏ ਕਿ ਬਿਜਲੀ ਮੁਲਾਜ਼ਮਾਂ ਨੇ 15 ਅਗਸਤ ਤੱਕ ਹੜਤਾਲ ’ਤੇ ਰਹਿਣ ਦਾ ਐਲਾਨ ਕੀਤਾ ਸੀ। ਜਿਸ ਕਾਰਨ ਪਿਛਲੇ 4 ਦਿਨਾਂ ਤੋਂ ਵਿਭਾਗ ਦਾ ਸਾਰਾ ਕੰਮ ਠੱਪ ਸੀ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀ ਹੜਤਾਲ ’ਚ ਬਿਜਲੀ ਬੋਰਡ ਦਾ ਟੈਕਨੀਕਲ ਸਟਾਫ ਵੀ ਨਿੱਤਰ ਚੁੱਕਿਆ ਸੀ। ਪਿਛਲੇ 4 ਦਿਨਾਂ ਤੋਂ ਹੜਤਾਲ ਕਾਰਨ ਲੋਕਾਂ ਨੂੰ ਪਹਿਲਾਂ ਹੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸੰਘਰਸ਼ ਵਿੱਚ ਕਈ ਵੱਡੀਆਂ ਯੂਨੀਅਨਾਂ ਸ਼ਾਮਲ ਸਨ। ਜਿਨ੍ਹਾਂ ਵਿੱਚ ਪੀਐਸਈਬੀ ਕਰਮਚਾਰੀ ਸੰਯੁਕਤ ਫੋਰਮ, ਬਿਜਲੀ ਕਰਮਚਾਰੀ ਏਕਤਾ ਮੰਚ, ਗਰਿੱਡ ਸਬ-ਸਟੇਸ਼ਨ ਕਰਮਚਾਰੀ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ (ਈਟੀਯੂਸੀ), ਅਤੇ ਪੈਨਸ਼ਨਰ ਫੈਡਰੇਸ਼ਨ (ਪੰਜਾਬ) ਸ਼ਾਮਲ ਸਨ।
- PTC NEWS