Rajpura 'ਚ ਕਾਰ ਡਰਾਈਵਰ ਦੀ ਲਾਪਰਵਾਹੀ ਨਾਲ ਗਈ ਇੱਕ ਕਿਸਾਨ ਦੀ ਜਾਨ , ਡਰਾਈਵਰ ਨੇ ਅਚਾਨਕ ਖੋਲ੍ਹ ਦਿੱਤੀ ਕਾਰ ਦੀ ਟਾਕੀ
Rajpura Road Accident : ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਮੰਗਲਵਾਰ ਨੂੰ ਇੱਕ ਕਾਰ ਵਾਲੇ ਦੀ ਲਾਪਰਵਾਹੀ ਨਾਲ ਇੱਕ ਕਿਸਾਨ ਦੀ ਜਾਨ ਚਲੀ ਗਈ ਹੈ। ਦਰਅਸਲ 'ਚ ਕਿਸਾਨ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਸੜਕ ਦੇ ਕਿਨਾਰੇ ਖੜ੍ਹੀ ਇੱਕ ਕਾਰ ਦੇ ਡਰਾਈਵਰ ਨੇ ਟਾਕੀ ਖੋਲ੍ਹ ਦਿੱਤੀ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ 'ਤੇ ਡਿੱਗ ਪਿਆ। ਪੰਜਾਬ ਰੋਡਵੇਜ਼ ਦੀ ਬੱਸ ਦਾ ਟਾਇਰ ਉਸਦੇ ਸਿਰ ਤੋਂ ਲੰਘ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।
ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (72) ਵਜੋਂ ਹੋਈ ਹੈ, ਜੋ ਕਿ ਸੈਨੀਆਂ ਮੁਹੱਲਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਪਰਿਵਾਰ ਨੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹਾਦਸੇ ਤੋਂ ਬਾਅਦ ਕਾਰ ਡਰਾਈਵਰ ਤੁਰੰਤ ਮੌਕੇ ਤੋਂ ਭੱਜ ਗਿਆ। ਹਾਲਾਂਕਿ, ਉਹ ਢਾਬੇ ਅਤੇ ਗਿਆਨ ਚੌਕ ਸਮੇਤ ਹੋਰ ਥਾਵਾਂ 'ਤੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਿਆ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਕਿ ਕਾਰ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ।
ਬਾਈਕ 'ਤੇ ਸਮਾਨ ਖਰੀਦਣ ਗਿਆ ਸੀ ਮ੍ਰਿਤਕ
ਮ੍ਰਿਤਕ ਦੇ ਪੁੱਤਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਰਾਜਪੁਰਾ ਦੇ ਗਗਨ ਚੌਕ ਨੇੜਿਓਂ ਕਰਿਆਨੇ ਦਾ ਸਮਾਨ ਖਰੀਦਣ ਲਈ ਆਪਣੀ ਮੋਟਰ ਸਾਈਕਲ 'ਤੇ ਘਰੋਂ ਨਿਕਲਿਆ ਸੀ। ਉਹ ਕਾਕਾ ਢਾਬੇ ਕੋਲੋਂ ਆਮ ਰਫ਼ਤਾਰ ਨਾਲ ਲੰਘ ਰਿਹਾ ਸੀ ਤਾਂ ਸੜਕ ਦੇ ਕਿਨਾਰੇ ਖੜ੍ਹੀ ਇੱਕ ਕਾਰ ਦੇ ਡਰਾਈਵਰ ਨੇ ਅਚਾਨਕ ਬਿਨਾਂ ਦੇਖੇ ਖਿੜਕੀ ਖੋਲ੍ਹ ਦਿੱਤੀ।
ਜਿਵੇਂ ਹੀ ਖਿੜਕੀ ਖੁੱਲ੍ਹੀ, ਉਸਦੇ ਪਿਤਾ ਦੀ ਮੋਟਰਸਾਈਕਲ ਉਸ ਨਾਲ ਟਕਰਾ ਗਈ, ਜਿਸ ਕਾਰਨ ਸੰਤੁਲਨ ਵਿਗੜ ਗਿਆ ਅਤੇ ਪਿੱਛੋਂ ਆ ਰਹੀ ਸਰਕਾਰੀ ਬੱਸ ਦੇ ਹੇਠਾਂ ਆ ਗਏ। ਪਿਛਲਾ ਟਾਇਰ ਉਨ੍ਹਾਂ ਦੇ ਉੱਪਰੋਂ ਲੰਘ ਗਿਆ।ਰਾਹਗੀਰਾਂ ਨੇ ਤੁਰੰਤ ਉਸਦੀ ਦੇਖਭਾਲ ਕੀਤੀ ਅਤੇ ਉਸਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
- PTC NEWS