Farmer Sabzi Mandi : ਮੌੜ ਮੰਡੀ ਦੇ ਇਸ ਪਿੰਡ ’ਚ ਕਿਸਾਨ ਖੁਦ ਲਗਾਉਂਦੇ ਹਨ ਮੰਡੀ, ਇੰਝ ਕਮਾਉਂਦੇ ਹਨ ਵਧੀਆ ਮੁਨਾਫਾ
Farmer Sabzi Mandi : ਬਠਿੰਡਾ ਦੇ ਸਬ ਡਿਵੀਜ਼ਨ ਮੌੜ ਮੰਡੀ ਦੇ ਪਿੰਡ ਮਾਨਸਾ ਕਲਾਂ ਵੱਡੀ ਤਾਦਾਦ ਵਿੱਚ ਸਬਜ਼ੀ ਦਾ ਉਤਪਾਦਨ ਕਰਨ ਕਾਰਨ ਮਸ਼ਹੂਰ ਹੈ। ਹੁਣ ਇਸ ਪਿੰਡ ਦੀ ਏਕਤਾ ਨੇ ਪਿੰਡ ’ਚ ਹੀ ਪੂਰੇ ਪੰਜਾਬ ਅਤੇ ਹਰਿਆਣਾ ਤੋਂ ਸਬਜ਼ੀ ਵਪਾਰੀਆਂ ਨੂੰ ਆਉਣ ਲਈ ਮਜ਼ਬੂਰ ਕਰ ਦਿੱਤਾ ਹੈ। ਦਰਅਸਲ ਪਿੰਡ ਵਾਸੀਆਂ ਨੇ ਏਕਾ ਕਰਕੇ ਆਪਣੀ ਸਬਜ਼ੀ ਦੀ ਮੰਡੀ ਪਿੰਡ ਵਿੱਚ ਹੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਖਰੀਦਣ ਲਈ ਪੂਰੇ ਪੰਜਾਬ ਭਰ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਸਬਜ਼ੀ ਵਪਾਰੀ ਪੁੱਜ ਰਹੇ ਹਨ,
ਸਬ ਡਿਵੀਜ਼ਨ ਮੌੜ ਮੰਡੀ ਦਾ ਪਿੰਡ ਮਾਨਸਾ ਕਲਾਂ ਭਾਵੇਂ ਕਿ ਪਹਿਲਾਂ ਬਾਗਾਂ ਵਿੱਚ ਮਸ਼ਹੂਰ ਸੀ ਪਰ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੇ ਬਾਗਬਾਨੀ ਤੋਂ ਮੂੰਹ ਮੋੜ ਕੇ ਸਬਜ਼ੀ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਪਿੰਡ ਵਿੱਚ ਕੱਦੂ ਤੋਰੀ ਕਰੇਲੇ ਸਮੇਤ ਕਈ ਸਬਜੀਆਂ ਵੱਡੀ ਤਾਦਾਦ ਵਿੱਚ ਹੁੰਦੀਆਂ ਹਨ ਇੱਥੇ ਲਗਭਗ ਪਿੰਡ ਦਾ ਹਰ ਵਿਅਕਤੀ ਆਪਣੇ ਖੇਤ ਵਿੱਚ ਸਬਜੀ ਦਾ ਉਤਪਾਦਨ ਕਰਦਾ ਹੈ।
ਦੱਸ ਦਈਏ ਕਿ ਜਿਆਦਾਤਰ ਕਿਸਾਨ ਸਬਜੀ ਦੇ ਉਤਪਾਦਨ ਨਾਲ ਹੀ ਆਪਣੀ ਰੋਟੀ ਚਲਾਉਂਦੇ ਹਨ, ਬੇਸ਼ੱਕ ਇਸ ਪਿੰਡ ਵਿੱਚੋਂ ਸਬਜ਼ੀ ਲੈਣ ਲਈ ਇੱਕ ਦੋ ਵਪਾਰੀ ਆਉਂਦੇ ਸਨ ਅਤੇ ਆਪਣੇ ਮਨ ਮਰਜ਼ੀ ਦਾ ਰੇਟ ਲਗਾ ਕੇ ਇਹਨਾਂ ਤੋਂ ਸਬਜ਼ੀ ਖਰੀਦ ਕੇ ਲੈ ਜਾਂਦੇ ਸਨ ਜਿਸ ਕਰਕੇ ਪਿੰਡ ਦੇ ਸਬਜੀ ਉਤਪਾਦਕਾਂ ਨੂੰ ਬਹੁਤੀ ਬੱਚਤ ਨਹੀਂ ਹੁੰਦੀ ਸੀ ਅਤੇ ਕਈ ਵਾਰ ਆਪਣੇ ਮਿਹਨਤ ਨਾਲ ਉਗਾਈ ਸਬਜੀ ਕੌਡੀਆਂ ਦੇ ਭਾਅ ਵੇਚਣੀ ਪੈਂਦੀ ਸੀ।
ਜਿਸਦੇ ਚਲਦਿਆਂ ਪਿੰਡ ਵਾਸੀਆਂ ਨੇ ਏਕਾ ਕਰਕੇ ਹੁਣ ਪਿੰਡ ਵਿੱਚ ਹੀ ਮੰਡੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਜਿੱਥੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਲੋਕ ਅਤੇ ਹਰਿਆਣਾ ਦੇ ਸਬਜੀ ਵਪਾਰੀ ਸਬਜ਼ੀ ਖਰੀਦਣ ਆਉਂਦੇ ਹਨ ਸ਼ਾਮ ਕਰੀਬ ਪੰਜ ਵਜੇ ਸ਼ੁਰੂ ਹੁੰਦੀ ਇਹ ਸਬਜ਼ੀ ਮੰਡੀ ਸ਼ਾਮ ਕਰੀਬ 8 ਵਜੇ ਤੱਕ ਚਲਦੀ ਹੈ ਜਿਸ ਵਿੱਚ ਸਾਰੇ ਪਿੰਡ ਵਾਸੀ ਆਪਣੀ ਤਾਜੀ ਸਬਜੀ ਤੋੜ ਕੇ ਅਤੇ ਲਿਫਾਫੇ ਵਿੱਚ ਪੈਕ ਕਰਕੇ ਮੰਡੀ ਵਿੱਚ ਲਿਆਉਂਦੇ ਹਨ, ਕਿਸਾਨਾਂ ਦੀ ਇਸ ਮੰਡੀ ਵਿੱਚ ਪਿੰਡ ਵਾਸੀਆਂ ਨੂੰ ਚੰਗਾ ਮੁੱਲ ਵੀ ਮਿਲਦਾ ਹੈ।
ਪਿੰਡ ਵਾਸੀਆਂ ਮੁਤਾਬਿਕ ਪਿਛਲੇ ਦਿਨਾਂ ਵਿੱਚ ਉਹਨਾਂ ਦਾ ਕੱਦੂ 90 ਰੁਪਏ ਅਤੇ ਤੋਰੀ 70 ਰੁਪਏ ਦੇ ਕਰੀਬ ਵਿਕ ਚੁੱਕੀ ਹੈ ਜਿਸ ਕਰਕੇ ਉਹਨਾਂ ਨੂੰ ਚੰਗਾ ਮੁਨਾਫਾ ਵੀ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਸਬਜ਼ੀ ਵਪਾਰੀ ਉਹਨਾਂ ਦੇ ਖੇਤਾਂ ਵਿੱਚੋਂ ਸਸਤੀ ਸਬਜੀ ਖਰੀਦ ਕੇ ਲੈ ਜਾਂਦੇ ਸਨ ਹੁਣ ਉਹ ਸ਼ਾਮ ਦੀ ਸ਼ਾਮ ਆਪਣੀ ਰੋਜ ਸਬਜ਼ੀ ਤਾਜ਼ੀ ਅਤੇ ਚੰਗੇ ਮੁੱਲ ਤੇ ਵੇਚ ਦਿੰਦੇ ਹਨ।
ਉਧਰ ਸਬਜ਼ੀ ਖਰੀਦਣ ਵਾਲੇ ਪੰਜਾਬ ਅਤੇ ਹਰਿਆਣਾ ਤੋਂ ਆਏ ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਚੰਗੀ ਸਬਜ਼ੀ ਮਿਲ ਰਹੀ ਹੈ ਭਾਵੇਂ ਕਿ ਪਹਿਲਾਂ ਵੀ ਉਹਨਾਂ ਨੂੰ ਇਸੇ ਭਾਵ ਵਿੱਚ ਕੁਝ ਦਿਨ ਬੇਹੀ ਸਬਜੀ ਮਿਲਦੀ ਸੀ।
- PTC NEWS