Firozpur News : ਪਾਕਿਸਤਾਨੀ ਡਰੋਨ ਹਮਲੇ 'ਚ ਜ਼ਖਮੀ ਪਿੰਡ ਖਾਈ ਫੇਮੇ ਦੀ ਮਹਿਲਾ ਦੀ ਹੋਈ ਮੌਤ , ਪੁੱਤਰ ਤੇ ਪਤੀ ਵੀ ਜ਼ਖਮੀ
Firozpur News : ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਪਾਕਿਸਤਾਨੀ ਡਰੋਨ ਨਾਲ ਜ਼ਖਮੀ ਹੋਈ 50 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਦਰਅਸਲ 'ਚ 9 ਮਈ ਦੀ ਰਾਤ ਨੂੰ ਇੱਕ ਪਾਕਿਸਤਾਨੀ ਡਰੋਨ ਉਨ੍ਹਾਂ ਦੇ ਘਰ 'ਤੇ ਡਿੱਗਿਆ ਸੀ, ਜਿਸ ਤੋਂ ਬਾਅਦ ਪੂਰੇ ਘਰ ਨੂੰ ਅੱਗ ਲੱਗ ਗਈ ਸੀ। ਜਿਸ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸਨ।
ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਕੌਰ ਦੀ ਮੌਤ ਸੋਮਵਾਰ-ਮੰਗਲਵਾਰ ਦੀ ਵਿਚਕਾਰਲੀ ਰਾਤ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਹੋਈ ਹੈ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਖਾਈ ਫੇਮੇ ਪਿੰਡ ਲਿਆਂਦਾ ਜਾਵੇਗਾ। ਪਰਿਵਾਰਕ ਮੈਂਬਰ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਔਰਤ ਦੀ ਮੌਤ ਤੋਂ ਬਾਅਦ ਪੂਰਾ ਪਿੰਡ ਸਦਮੇ ਵਿੱਚ ਹੈ। ਮ੍ਰਿਤਕ ਮਹਿਲਾ ਦੇ ਪਤੀ ਅਤੇ ਪੁੱਤਰ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਲੁਧਿਆਣਾ ਦੇ DMC ਹਸਪਤਾਲ ਦੇ ਡਾਕਟਰਾਂ ਅਨੁਸਾਰ ਪਿੰਡ ਖਾਈ ਫੇਮੇ ਦੀ ਵਸਨੀਕ ਸੁਖਵਿੰਦਰ ਕੌਰ 100 ਪ੍ਰਤੀਸ਼ਤ ਸੜ ਗਈ ਸੀ, ਜਿਸ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੇ ਪਤੀ ਲਖਵਿੰਦਰ ਸਿੰਘ (55) 70 ਪ੍ਰਤੀਸ਼ਤ ਸੜ ਗਏ। ਉਸਦੀ ਹਾਲਤ ਵੀ ਗੰਭੀਰ ਹੈ। ਜਦੋਂ ਕਿ ਪੁੱਤਰ ਜਸਵੰਤ ਸਿੰਘ (24) ਇਸ ਸਮੇਂ ਖ਼ਤਰੇ ਤੋਂ ਬਾਹਰ ਹੈ।
ਦੱਸ ਦੇਈਏ ਕਿ ਇਹ ਉਹੀ ਪਰਿਵਾਰ ਹੈ ,ਜਿਸਨੇ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ 'ਤੇ ਜੰਗ ਵਰਗੀ ਸਥਿਤੀ ਵਿੱਚ ਵੀ ਇਲਾਜ ਲਈ ਪਹਿਲਾਂ ਤੋਂ ਪੈਸੇ ਮੰਗਣ ਦਾ ਆਰੋਪ ਲਗਾਇਆ ਸੀ। ਪਰਿਵਾਰ ਦਾ ਆਰੋਪ ਹੈ ਕਿ ਹਸਪਤਾਲ ਨੇ 40,000 ਰੁਪਏ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਇਲਾਜ ਸ਼ੁਰੂ ਕੀਤਾ। ਪਰਿਵਾਰ ਨੇ ਰਿਸ਼ਤੇਦਾਰਾਂ ਤੋਂ 40 ਹਜ਼ਾਰ ਰੁਪਏ ਇਕੱਠੇ ਕਰਕੇ ਹਸਪਤਾਲ ਨੂੰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਹੋਇਆ। ਹਾਲਾਂਕਿ, ਮੌਕੇ 'ਤੇ ਮੌਜੂਦ ਮੰਤਰੀ ਨੇ ਪਰਿਵਾਰ ਨੂੰ ਪੈਸੇ ਵਾਪਸ ਕਰਵਾਉਣ ਦਾ ਭਰੋਸਾ ਦਿੱਤਾ ਸੀ।
- PTC NEWS