Firecrackers ban News : ਜੰਗ ਦੀ ਸਥਿਤੀ ਵਿਚਾਲੇ ਇਨ੍ਹਾਂ ਜ਼ਿਲ੍ਹਿਆਂ 'ਚ ਲੱਗੀ ਪਟਾਕਿਆਂ 'ਤੇ ਪੂਰਨ ਪਾਬੰਦੀ, ਡੀਸੀ ਨੇ ਜਾਰੀ ਕੀਤੇ ਨਿਰਦੇਸ਼ ,ਪੜ੍ਹੋ ...
Firecrackers ban News : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰਾਂ ਦੀ ਸੰਕਟ-ਕਾਲ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ, 1968 ਅਧੀਨ 'ਮੌਕ ਡਰਿੱਲ' ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਵਿਆਹ ਸ਼ਾਦੀਆਂ, ਖ਼ੁਸ਼ੀਆਂ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਇਨੀਜ ਕਰੈਕਰ ਸ਼ਾਮਲ ਹੁੰਦੇ ਹਨ, ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਪਟਾਖਿਆਂ ਨਾਲ ਸ਼ੋਰ-ਸ਼ਰਾਬੇ ਨਾਲ ਆਮ ਪਬਲਿਕ ਵਿੱਚ ਦਰ ਪੈਦਾ ਹੁੰਦਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਭਾਰਤੀ ਨਾਗਰਿਕਤਾ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖ਼ੁਸ਼ੀਆਂ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਨਾਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਇਨੀਜ਼ ਕਰੈਕਰ ਸ਼ਾਮਿਲ ਹਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਮਨਾਹੀ ਦੇ ਇਹ ਹੁਕਮ 7 ਮਈ 2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
ਪਠਾਨਕੋਟ ਦੀ ਹਦੂਦ ਅੰਦਰ ਅਤਿਸ਼ਬਾਜੀ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ
ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਬਲਿਕ ਵੱਲੋਂ ਚਲਾਈ ਜਾਣ ਵਾਲੀ ਅਤਿਸ਼ਬਾਜੀ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਹੁਕਮ ਮਿਤੀ 08.05.2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
ਤਰਨ ਤਾਰਨ 'ਚ ਵੀ ਆਤਿਸ਼ਬਾਜੀ, ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਚਲਾਉਣ 'ਤੇ ਪੂਰਨ ਪਾਬੰਦੀ
ਇਸ ਸਬੰਧ ਵਿੱਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਤਰਨ ਤਾਰਨ ਸੀ੍ ਰਾਜਦੀਪ ਸਿੰਘ ਬਰਾੜ, ਪੀ.ਸੀ.ਐੱਸ., ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਵਿਆਹ-ਸ਼ਾਦੀਆਂ ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਮ ਆਮ ਪਬਲਿਕ ਵੱਲੋਂ ਵੱਲੋਂ ਚਲਾਈ ਜਾਣ ਵਾਲੀ ਆਤਿਸ਼ਬਾਜੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਸ਼ਾਮਲ ਹਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ। ਪਾਬੰਦੀ ਦੇ ਇਹ ਹੁਕਮ ਮਿਤੀ 06 ਜੁਲਾਈ, 2025 ਤੱਕ ਲਾਗੂ ਰਹਿਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ 'ਚ ਆਤਿਸ਼ਬਾਜ਼ੀ ’ਤੇ ਪਾਬੰਦੀ ਲਗਾਈ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਅੰਮ੍ਰਿਤਸਰ ਵਿੱਚ ਆਤਿਸ਼ਬਾਜ਼ੀ ‘ਤੇ ਤਤਕਾਲ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕਿਸੇ ਵੀ ਉਤਸਵ ਜਾਂ ਸਮਾਗਮ ਦੌਰਾਨ ਪਟਾਕੇ ਨਹੀਂ ਚਲਾਏ ਜਾ ਸਕਣਗੇ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਪ੍ਰਸ਼ਾਸਨ ਨੇ ਇਹ ਕਦਮ ਤਣਾਅਪੂਰਨ ਹਾਲਾਤਾਂ ਦੇ ਚੱਲਦਿਆਂ ਸਾਵਧਾਨੀ ਵਜੋਂ ਚੁੱਕਿਆ ਹੈ ਤਾਂ ਜੋ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਜੇਕਰ ਕਿਸੇ ਨੇ ਪਟਾਕਿਆਂ ਦੀ ਵਰਤੋਂ ਕੀਤੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS