Faridkot News : ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਇਕੱਠੇ ਬਲੇ 5 ਸਿਵੇ, ਸੇਵਾਦਾਰਾਂ ਦੀ ਸੜਕ ਹਾਦਸੇ 'ਚ ਹੋਈ ਸੀ ਮੌਤ
Faridkot News : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ 'ਚ ਅੱਜ 5 ਸੇਵਾਦਾਰਾਂ ਦਾ ਅੰਤਿਮ ਸਸਕਾਰ ਇਕੋ ਸਮੇਂ ਵੱਡੀ ਗਿਣਤੀ ਵਿਚ ਮੌਜੂਦ ਸੰਗਤਾਂ ਦੀ ਹਾਜਰੀ ਵਿਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਾਰ ਸੇਵਾ ਵਾਲੇ ਬਾਬਾ ਮੱਖਣ ਸਿੰਘ ਅਤੇ ਉਹਨਾਂ ਦੇ ਚਾਰ ਹੋਰ ਸੇਵਾਦਾਰਾਂ ਦਾ ਬੀਤੇ ਦਿਨੀਂ ਹਰਿਆਣਾ ਵਿਚ ਇਕ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਸੀ, ਜੋ ਹਰਿਆਣਾ ਦੇ ਕੈਥਲ ਵਿਖੇ ਇਕ ਬਰਸ਼ੀ ਸਮਾਗਮ ਵਿਚ ਹਿੱਸਾ ਲੈਣ ਲਈ ਗਏ ਸਨ ,ਜਿੰਨਾਂ ਦੀ ਗੱਡੀ ਨੂੰ ਪਿੱਛੇ ਤੋਂ ਬੱਸ ਨੇ ਟੱਕਰ ਮਾਰ ਦਿੱਤੀ ਸੀ ਅਤੇ ਬਾਬਾ ਮੱਖਣ ਸਿੰਘ ਸਮੇਤ ਗੱਡੀ ਵਿਚ ਸਵਾਰ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਿੰਨਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਰਾਮੇਆਣਾ ਦੇ ਗੁਰਦੁਆਰਾ ਸਾਹਿਬ ਵਿਚ ਕੀਤਾ ਗਿਆ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿਚ ਮੌਜੂਦ ਸੰਗਤਾਂ ਵੱਲੋਂ ਮ੍ਰਿਤਕਾਂ ਨੂੰ ਸਰਧਾਂਜਲੀ ਅਰਪਿਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀ ਧਰਮਜੀਤ ਸਿੰਘ ਅਤੇ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਕਾਰ ਸੇਵਾ ਵਾਲੇ ਸੰਤ ਰਹਿੰਦੇ ਹਨ। ਉਹਨਾਂ ਦੱਸਿਆ ਕਿ ਬੀਤੇ ਦਿਨੀ ਬਾਬਾ ਮੱਖਣ ਸਿੰਘ ਪਿੰਡ ਦੇ ਚਾਰ ਹੋਰ ਸੇਵਾਦਾਰਾਂ ਸਮੇਤ ਹਰਿਆਣਾਂ ਦੇ ਕੈਥਲ ਵਿਖੇ ਕਿਸੇ ਬਰਸੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਗਏ ਸਨ। ਜਿੰਨਾਂ ਦੀ ਗੱਡੀ ਨੂੰ ਇਕ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ। ਜਿਸ ਕਾਰਨ ਇਸ ਹਾਦਸੇ ਵਿਚ ਬਾਬਾ ਮੱਖਣ ਸਿੰਘ ਸਮੇਤ 4 ਹੋਰ ਸੇਵਾਦਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਿੰਨਾਂ ਦੀਆਂ ਮ੍ਰਿਤਕ ਦੇਹਾਂ ਦੇਰ ਰਾਤ ਪਿੰਡ ਰਾਮੇਆਣਾਂ ਪਹੁੰਚੀਆਂ ਸਨ ਅਤੇ ਅੱਜ ਉਹਨਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਸਾਹਿਬ ਵਿਚ ਹੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੂਰੇ ਇਲਾਕੇ ਵਿਚ ਕਾਫੀ ਗਮ ਦਾ ਮਹੌਲ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਪ੍ਰਮਾਤਮਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਇਸ ਮੌਕੇ ਜਿੱਥੇ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਵਿਛੜੀਆਂ ਰੂਹਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਉਥੇ ਹੀ ਕਾਂਗਰਸੀ ਅਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਗਮ ਵਿਚ ਸ਼ਰੀਕ ਹੁੰਦਿਆਂ ਵਿਛੜੀਆਂ ਰੂਹਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਪੰਜ ਸੇਵਾਦਾਰਾਂ ਦੇ ਇਕੱਠਿਆਂ ਅਕਾਲ ਚਲਾਣਾਂ ਕਰ ਜਾਣ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਹਰਿਆਣਾਂ ਵਿਚ ਬੱਸ ਨੇ ਸੇਵਾਦਾਰਾਂ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰੀ ਹੈ ,ਜਿਸ ਨਾਲ ਇਹ ਦੁਖਦਾਇਕ ਹਾਦਸਾ ਵਾਪਰਿਆ, ਉਸ ਬੱਸ ਦੇ ਡਰਾਇਵਰ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨਾਲ ਹੀ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਮ੍ਰਿਤਕ ਸੇਵਾਦਾਰਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੀ ਵੀ ਅਪੀਲ ਕੀਤੀ।
- PTC NEWS