ਜਲੰਧਰ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਕਾਬੂ
Punjab News: ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੱਜਣਵਾਲ ਵਿਖੇ ਸ਼ਾਹਕੋਟ-ਕਾਕੜਾ ਕਲਾਂ ਰੋਡ 'ਤੇ ਪੁਲਿਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰੇੜਵਾਂ ਦੇ ਕੁਝ ਗੈਂਗਸਟਰਾਂ ਵਲੋਂ ਬੀਤੇ ਦਿਨੀ ਇਕ ਐਨ.ਆਰ.ਆਈ. 'ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਸੰਬੰਧੀ ਸ਼ਾਹਕੋਟ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਸੰਬੰਧੀ ਅੱਜ ਸ਼ਾਮ ਪੁਲਿਸ ਵਲੋ ਗੁਪਤ ਸੂਚਨਾ ਮਿਲਣ 'ਤੇ ਉਕਤ ਮਾਮਲੇ ਵਿਚ ਸ਼ਾਮਿਲ ਗੈਂਗਸਟਰਾਂ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਿਸ ਵਲੋਂ ਤਿੰਨ ਗੱਡੀਆਂ ਵਿਚ ਸਵਾਰ ਗੈਂਗਸਟਰਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਦੋ ਗੱਡੀਆਂ ਇਕ ਖੇਤ ਵਾਲੇ ਪਾਸੇ ਵੜ ਗਈਆਂ ਜਦਕਿ ਇਕ ਗੱਡੀ ਵਿਚ ਸਵਾਰ ਗੈਂਗਸਟਰ ਭੱਜਣ ਵਿਚ ਕਾਮਯਾਬ ਹੋ ਗਏ।
ਪੁਲਿਸ ਵਲੋਂ ਖੇਤਾਂ ਵੱਲ ਜਾ ਕੇ ਜਦ ਗੈਂਗਸਟਰਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਇਕ ਗੈਂਗਸਟਰ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ। ਪੁਲਿਸ ਵਲੋਂ ਆਪਣਾ ਬਚਾਅ ਕਰਨ ਲਈ ਗੈਂਗਸਟਰ 'ਤੇ ਗੋਲੀ ਚਲਾਈ ਗਈ ਜੋ ਗੈਂਗਸਟਰ ਦੀ ਲੱਤ 'ਤੇ ਲੱਗੀ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਜਦਕਿ ਉਸਦੇ ਬਾਕੀ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਵਲੋਂ ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਮੌਕੇ 'ਤੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
- PTC NEWS