Sidhu Moosewala : ਗੈਂਗਸਟਰ ਗੋਲਡੀ ਬਰਾੜ ਨੇ ਦੱਸਿਆ ਸਿੱਧੂ ਮੂਸੇਵਾਲਾ ਦਾ ਕਤਲ ਕਿਉਂ ਕਰਵਾਇਆ?
Goldy Brar on Sidhu Moosewala Murder : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ 3 ਸਾਲ ਬੀਤ ਚੁੱਕੇ ਹਨ, ਪਰ ਹਾਲੇ ਤੱਕ ਵੀ ਪਰਿਵਾਰ ਇਨਸਾਫ਼ ਲਈ ਲੜਾਈ ਲੜ ਰਿਹਾ ਹੈ। ਮੂਸੇਵਾਲਾ ਦੀ ਮੌਤ ਦੇ ਮਾਮਲੇ ਵਿੱਚ ਭਾਵੇਂ ਪੰਜਾਬ ਪੁਲਿਸ ਨੇ ਕਈ ਗੈਂਗਸਟਰਾਂ ਤੇ ਸ਼ੂਟਰਾਂ ਨੂੰ ਫੜਿਆ, ਪਰ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਜੇ ਵੀ ਫਰਾਰ ਹੈ, ਜਿਸ ਦੇ ਟਿਕਾਣੇ ਦਾ ਵੀ ਨਹੀਂ ਪਤਾ ਚੱਲਿਆ ਹੈ। ਦੱਸ ਦਈਏ ਕਿ ਗੋਲਡੀ ਬਰਾੜ ਨੇ ਕਤਲ ਦੇ ਕੁੱਝ ਘੰਟਿਆਂ ਬਾਅਦ ਹੀ ਕਥਿਤ ਫੇਸਬੁੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਹਾਲਾਂਕਿ ਕਤਲ ਦੇ ਪਿੱਛੇ ਦਾ ਮਕਸਦ ਅਜੇ ਵੀ ਸਪੱਸ਼ਟ ਨਹੀਂ ਹੋ ਸਕਿਆ। ਹੁਣ ਬੀਬੀਸੀ ਵੱਲੋਂ ਗੋਲਡੀ ਬਰਾੜ ਨਾਲ ਜਦੋਂ ਸੰਪਰਕ ਹੋਇਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਆਖਿਰ ਸਿੱਧੂ ਮੂਸੇਵਾਲਾ ਦਾ ਕਤਲ ਕਿਉਂ ਕਰਵਾਇਆ ਗਿਆ। ਉਸ ਨੇ ਦਾਅਵਾ ਕਰਦਿਆਂ ਕਿਹਾ, "ਆਪਣੇ ਹੰਕਾਰ ਵਿੱਚ, ਉਸਨੇ (ਮੂਸੇਵਾਲਾ) ਕੁਝ ਨਾ ਮਾਫ਼ ਕਰਨ ਯੋਗ ਗਲਤੀਆਂ ਕੀਤੀਆਂ, ਜਿਸ ਕਾਰਨ ਸਾਡੇ ਕੋਲ ਉਸਨੂੰ (ਮੂਸੇਵਾਲਾ) ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਸਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ। ਜਾਂ ਤਾਂ ਉਹ ਹੁੰਦਾ ਜਾਂ ਅਸੀਂ। ਇਹ ਸਿਰਫ ਇੰਨੀ ਹੀ ਸਾਧਾਰਨ ਗੱਲ ਹੈ।"
29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ
ਪੰਜਾਬ ਸਰਕਾਰ ਵੱਲੋਂ ਸੁਰੱਖਿਆ ਘੇਰੇ ਵਿੱਚ ਕਟੌਤੀ ਕਰਨ ਤੋਂ ਇੱਕ ਦਿਨ ਬਾਅਦ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇਵਾਲਾ ਦੀ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਐਤਵਾਰ ਸ਼ਾਮ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਪੰਜਾਬੀ ਗਾਇਕ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਬਰਾੜ ਗੈਂਗ ਲੀਡਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ ਹੈ, ਜੋ ਗਾਇਕ ਦੇ ਕਤਲ ਵਿੱਚ ਵੀ ਸ਼ਾਮਲ ਦੱਸਿਆ ਜਾਂਦਾ ਹੈ। ਬਰਾੜ ਉਰਫ ਸਤਿੰਦਰ ਸਿੰਘ ਕਈ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੈ।
ਕੇਂਦਰ ਸਰਕਾਰ ਨੇ ਗੋਲਡੀ ਬਰਾੜ ਨੂੰ ਅੱਤਵਾਦੀ ਕੀਤਾ ਸੀ ਘੋਸ਼ਿਤ
ਗੈਂਗਸਟਰ ਗੋਲਡੀ ਬਰਾੜ ਖਿਲਾਫ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਦਿੱਤਾ ਸੀ। ਗੋਲਡੀ ਬਰਾੜ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਸ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧ ਵੀ ਦੱਸੇ ਗਏ ਸਨ।
ਮੂਸੇਵਾਲਾ ਕਤਲ 'ਚ ਮੁੱਖ ਦੋਸ਼ੀ ਹੈ ਗੋਲਡੀ ਬਰਾੜ
ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਮੁੱਖ ਦੋਸ਼ੀ ਹੈ। ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਸਮੇਂ ਜ਼ਿੰਮੇਵਾਰੀ ਲੈਂਦੇ ਹੋਏ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਸੀ, “ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸਚਿਨ ਬਿਸ਼ਨੋਈ ਧਤਾਰਾਂਵਾਲੀ, ਲਾਰੈਂਸ ਬਿਸ਼ਨੋਈ ਅਤੇ ਮੈਂ ਹਾਂ।” ਉਸਨੇ ਦਾਅਵਾ ਕੀਤਾ ਸੀ ਕਿ ਉਸ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਮੂਸੇਵਾਲਾ ਦੀ ਹੱਤਿਆ ਕੀਤੀ ਸੀ।
- PTC NEWS