Gangster Jaggu Bhagwanpuria : ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਦਾ ਪਿੰਡ ਭਗਵਾਨਪੁਰ ਵਿਖੇ ਕੀਤਾ ਗਿਆ ਅੰਤਿਮ ਸਸਕਾਰ
Gangster Jaggu Bhagwanpuria : ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਦਾ ਪਿੰਡ ਭਗਵਾਨਪੁਰ ਵਿਖੇ 10 ਵਜੇ ਅੰਤਿਮ ਸਸਕਾਰ ਕੀਤਾ ਗਿਆ ਹੈ। ਬੀਤੇ ਕੱਲ ਪਰਿਵਾਰ ਵੱਲੋਂ ਮ੍ਰਿਤਕਾ ਹਰਜੀਤ ਕੌਰ ਅਤੇ ਮ੍ਰਿਤਕ ਕਰਨਵੀਰ ਸਿੰਘ ਦੀ ਮ੍ਰਿਤਕ ਦੇਹ ਬਟਾਲਾ ਬਾਈਪਾਸ 'ਤੇ ਰੱਖ ਕੇ ਧਰਨਾ ਲਗਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਆਰੋਪ ਸੀ ਕਿ ਕਤਲ ਤੋਂ ਪਹਿਲਾਂ ਹੀ ਬਟਾਲਾ ਪੁਲਿਸ ਨੂੰ ਕੁਝ ਸ਼ੱਕੀ ਵਿਅਕਤੀਆਂ ਵਿਰੁੱਧ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਵਕਤ ‘ਤੇ ਹਰਕਤ ‘ਚ ਆਉਂਦੀ ਤਾਂ ਇਹ ਕਤਲ ਰੋਕਿਆ ਜਾ ਸਕਦਾ ਸੀ।
ਧਰਨੇ ‘ਚ ਮੌਜੂਦ ਮ੍ਰਿਤਕਾ ਦੀ ਭੈਣ ਹਰਜਿੰਦਰ ਕੌਰ ਨੇ ਮੰਗ ਕੀਤੀ ਕਿ ਕਤਲ ਦੀ ਜਾਂਚ ਇਮਾਨਦਾਰੀ ਨਾਲ ਕੀਤੀ ਜਾਵੇ ਅਤੇ ਸ਼ੱਕੀ ਵਿਅਕਤੀਆਂ ਨੂੰ ਜਲਦ ਕਾਬੂ ਕਰਕੇ ਕਾਨੂੰਨੀ ਸਜ਼ਾ ਦਿੱਤੀ ਜਾਵੇ। ਕਰੀਬ ਚਾਰ ਘੰਟੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਿ ਤਿੰਨ ਹਫਤਿਆਂ ਦੇ ਅੰਦਰ -ਅੰਦਰ ਜਿਹੜੇ ਨਾ ਉਹਨਾਂ ਦੇ ਪਰਿਵਾਰ ਨੇ ਦੱਸੇ ਹਨ। ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰ ਦੇ ਜੋ ਬਾਕੀ ਮੈਂਬਰ ਹਨ, ਉਹਨਾਂ ਨੂੰ ਸਿਕਿਉਰਟੀ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ। ਜਿਸ ਤੋਂ ਬਾਅਦ ਪਰਿਵਾਰ ਨੇ ਧਰਨਾ ਸਮਾਪਤ ਕੀਤਾ ਸੀ।
ਦੱਸ ਦੇਈਏ ਕਿ ਵੀਰਵਾਰ ਦੀ ਰਾਤ 9 ਵਜੇ ਦੇ ਕਰੀਬ ਕਾਦੀਆਂ ਰੋਡ 'ਤੇ ਸਕਾਰਪੀਓ 'ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਅਤੇ ਉਸਦੇ ਰਿਸ਼ਤੇਦਾਰ ਕਰਨਵੀਰ ਦਾ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਪੁਲਿਸ ਨੇ ਮਾਮਲਾ ਦਰਜ ਕਰਦਿਆਂ ਮ੍ਰਿਤਕ ਕਰਨਵੀਰ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ 2 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਕਰਨਵੀਰ ਨਿਸ਼ਾਨਾ ਸੀ। ਕਰਨਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕੁਝ ਗੋਲੀਆਂ ਜੱਗੂ ਦੀ ਮਾਂ ਹਰਜੀਤ ਕੌਰ ਨੂੰ ਵੀ ਲੱਗੀਆਂ ਸਨ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਰਜੀਤ ਕੌਰ ਨੂੰ 6 ਗੋਲੀਆਂ ਅਤੇ ਕਰਨਵੀਰ ਨੂੰ 4 ਗੋਲੀਆਂ ਲੱਗੀਆਂ ਸਨ। ਗੋਲੀਬਾਰੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਲਾਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਗੈਂਗਸਟਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਵਿੱਚੋਂ ਦੋ ਗੈਂਗਸਟਰ ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਹਰਿਆਣਾ ਦੇ ਹਨ। ਪੁਲਿਸ ਇਸ ਘਟਨਾ ਨੂੰ ਅੰਦਰੂਨੀ ਗੈਂਗ ਵਾਰ ਵਜੋਂ ਦੇਖ ਰਹੀ ਹੈ, ਕਿਉਂਕਿ ਜੱਗੂ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ। ਉਸ ਦੀਆਂ ਕਈ ਵਿਰੋਧੀ ਗੈਂਗਾਂ ਨਾਲ ਝੜਪਾਂ ਹੋਈਆਂ ਹਨ।
- PTC NEWS