Muktsar Gas Leak : ਮੁਕਤਸਰ 'ਚ ਟਲਿਆ ਵੱਡਾ ਹਾਦਸਾ, ਪਲਾਟ ਦੀਆਂ ਨੀਂਹਾਂ ਦੌਰਾਨ ਲੀਕ ਹੋਈ ਗੈਸ, ਲੋਕਾਂ 'ਚ ਮੱਚੀ ਹਫੜਾ-ਦਫੜੀ
Muktsar Gas Leak : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਨੇੜੇ ਜਦੋਂ ਇੱਕ ਪਲਾਟ ਦੀਆਂ ਨੀਹਾਂ ਕੱਢਣ ਲਈ ਜੇਸੀਬੀ ਚਲਾਈ ਜਾ ਰਹੀ ਸੀ, ਤਾਂ ਅਚਾਨਕ ਜੇਸੀਬੀ ਦਾ ਪੰਜਾ ਗੈਸ ਦੀ ਪ੍ਰਾਈਵੇਟ ਪਾਈਪ ਲਾਈਨ ਨਾਲ ਟਕਰਾ ਗਿਆ। ਇਸ ਨਾਲ ਪਾਈਪ ਲਾਈਨ ਵਿੱਚੋਂ ਤੇਜ਼ ਦਬਾਅ ਨਾਲ ਗੈਸ ਲੀਕ ਹੋਣ ਲੱਗੀ ਅਤੇ ਆਸਪਾਸ ਦੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਗੈਸ ਲੀਕੇਜ ਦੀ ਜਾਣਕਾਰੀ ਮਿਲਣ ਉਪਰੰਤ ਲਗਭਗ ਅੱਧੇ ਘੰਟੇ ਬਾਅਦ ਮੌਕੇ 'ਤੇ ਪਹੁੰਚੇ ਗੈਸ ਕੰਪਨੀ ਦੇ ਕਰਮਚਾਰੀ, ਜਿਨ੍ਹਾਂ ਨੇ ਮੁਸ਼ਕਲ ਨਾਲ ਲੀਕੇਜ 'ਤੇ ਕਾਬੂ ਪਾਇਆ ਗਿਆ। ਇਹ ਘਟਨਾ ਇੱਕ ਵੱਡੇ ਹਾਦਸੇ ਵਿੱਚ ਬਦਲ ਸਕਦੀ ਸੀ ਪਰ ਗ਼ਨੀਮਤ ਰਹੀ ਕਿ ਕੋਈ ਜਾਨੀ ਜਾਂ ਵੱਡਾ ਮਾਲੀ ਨੁਕਸਾਨ ਨਹੀਂ ਹੋਇਆ।
ਜੇਸੀਬੀ ਦੇ ਟੱਕ ਨਾਲ ਹੋਈ ਗੈਸ ਲੀਕ
ਇਹ ਘਟਨਾ ਅੱਜ ਸ਼ਾਮ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਨੇੜੇ ਵਾਪਰੀ, ਜਿਥੇ ਕੁਮਾਰ ਹਾਰਡਵੇਅਰ ਦੁਕਾਨ ਦੇ ਮਾਲਕ ਵੱਲੋਂ ਆਪਣੇ ਪਲਾਟ ਦੀਆਂ ਨੀਹਾਂ ਕੱਢਣ ਲਈ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਦੌਰਾਨ ਜੇਸੀਬੀ ਦਾ ਪੰਜਾ ਪਲਾਟ ਹੇਠੋਂ ਲੰਘ ਰਹੀ ਪ੍ਰਾਈਵੇਟ ਗੈਸ ਕੰਪਨੀ ਦੀ ਪਾਈਪ ਲਾਈਨ ਨਾਲ ਲੱਗ ਗਿਆ, ਜਿਸ ਕਾਰਨ ਲਾਈਨ ਲੀਕ ਹੋ ਗਈ ਅਤੇ ਗੈਸ ਲੀਕ ਹੋਣ ਲੱਗੀ। ਗੈਸ ਦੀ ਤੇਜ਼ ਗੰਧ ਅਤੇ ਅਚਾਨਕ ਆਈ ਹਫੜ-ਦਫੜੀ ਕਾਰਨ ਲੋਕ ਦੂਰੇ ਹਟ ਗਏ। ਨਿੱਜੀ ਕੰਪਨੀ ਦੇ ਕਰਮਚਾਰੀ ਲਗਭਗ ਅੱਧੇ ਘੰਟੇ ਦੇ ਅੰਦਰ ਮੌਕੇ 'ਤੇ ਪਹੁੰਚੇ ਅਤੇ ਬੜੀ ਮੁਸ਼ਕਲ ਨਾਲ ਲੀਕੇਜ ਨੂੰ ਕੰਟਰੋਲ ਕੀਤਾ।
ਕੰਪਨੀ ਨੇ ਬਿਨਾਂ ਜਾਣਕਾਰੀ ਤੋਂ ਪਲਾਟ ਹੇਠਾਂ ਕੱਢੀ ਗੈਸ ਲਾਈਨ : ਪਲਾਟ ਮਾਲਕ
ਇਸ ਸਬੰਧੀ ਪਲਾਟ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਨੀਹਾਂ ਨਿਯਮਾਂ ਅਨੁਸਾਰ ਕੱਢੀਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਨੂੰ ਇਤਲਾਹ ਨਹੀਂ ਸੀ ਕਿ ਉਨ੍ਹਾਂ ਦੇ ਪਲਾਟ ਹੇਠ ਗੈਸ ਦੀ ਲਾਈਨ ਵੀ ਗੁਜ਼ਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੈਸ ਕੰਪਨੀ ਨੇ ਇਹ ਪਾਈਪ ਲਾਈਨ ਬਿਨਾਂ ਕਿਸੇ ਜਾਣਕਾਰੀ ਦੇ ਪਲਾਟ ਹੇਠ ਲਾਈ ਸੀ। ਉਨ੍ਹਾਂ ਕਿਹਾ ਕਿ ਵੱਡਾ ਹਾਦਸਾ ਹੋਣ ਤੋਂ ਰੱਬ ਨੇ ਬਚਾ ਲਿਆ।
ਉਧਰ, ਜਦ ਗੈਸ ਕੰਪਨੀ ਦੇ ਕਰਮਚਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਲੀਕੇਜ ਨੂੰ ਠੀਕ ਕਰੀਏ, ਫਿਰ ਗੱਲ ਕਰਾਂਗੇ।
- PTC NEWS