Giddarbaha by-election : ਪੰਥਕ ਜਥੇਬੰਦੀਆਂ ਨੇ ਗਿੱਦੜਬਾਹਾ ਜ਼ਿਮਨੀ ਚੋਣ ਲਈ ਦੀਪ ਸਿੱਧੂ ਦੇ ਭਰਾ ਨੂੰ ਐਲਾਨਿਆ ਉਮੀਦਵਾਰ
Giddarbaha by-election : ਗਿੱਦੜਬਾਹਾ ਜ਼ਿਮਨੀ ਚੋਣ ਦੀ ਤਰੀਕ ਦਾ ਭਾਵੇਂ ਅਜੇ ਤੱਕ ਐਲਾਨ ਨਹੀਂ ਹੋਇਆ ਹੈ ਪਰ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਵੀ ਐਲਾਨ ਕੀਤਾ ਗਿਆ ਹੈ। ਹੁਣ ਪੰਥਕ ਜਥੇਬੰਦੀਆਂ ਨੇ ਵੀ ਗਿੱਦੜਬਾਹਾ ਹਲਕੇ 'ਚ ਚੋਣ ਪ੍ਰਚਾਰ ਦੀ ਮੁਹਿੰਮ ਵਿੱਢਦਿਆਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪੰਥਕ ਜਥੇਬੰਦੀਆਂ ਨੇ ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।
ਇਹ ਐਲਾਨ ਪੰਥਕ ਜੱਥੇਬੰਦੀਆਂ ਵੱਲੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਗਿੱਦੜਬਾਹਾ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਐਲਾਨ ਕੀਤਾ।
ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਨੇ ਜਿਵੇਂ ਨੌਜਵਾਨਾਂ ਦੇ ਹੱਕਾਂ ਲਈ ਲੜੇ ਸਨ ਓਵੇਂ ਹੀ ਉਨ੍ਹਾਂ ਦੇ ਭਰਾ ਵੀ ਨੌਜਵਾਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾ ਕੇ ਨੌਜਵਾਨਾਂ ਨੇ ਦੀਪ ਸਿੱਧੂ ਦੀ ਸੋਚ 'ਤੇ ਪਹਿਰਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦੇ ਮੁੱਦੇ ਬਹੁਤ ਹਨ ਅਤੇ ਇੱਕ ਐਮ.ਪੀ. ਦੀ ਵੀ ਲਿਮਟ ਹੁੰਦੀ ਹੈ ਪਰ ਜਿੰਨਾ ਵੀ ਹੋ ਸਕੇਗਾ ਉਹ ਲੋਕਾਂ ਦੇ ਨਾਲ ਖੜਨਗੇ।
ਉਧਰ, ਦੂਜੇ ਪਾਸੇ ਉਮੀਦਵਾਰ ਐਲਾਨੇ ਜਾਣ 'ਤੇ ਮਨਦੀਪ ਸਿੱਧੂ ਨੇ ਕਿਹਾ ਕਿ ਇਹ ਸਾਰਿਆਂ ਦਾ ਪੰਥਕ ਫੈਸਲਾ ਹੈ ਅਤੇ ਜੋ ਵੀ ਹੋਵੇਗਾ ਉਨ੍ਹਾਂ ਨੂੰ ਸਿਰਮੱਥੇ ਪ੍ਰਵਾਨ ਹੋਵੇਗਾ।
- PTC NEWS