Amritsar News : ਲੜਕੀ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੰਨ ਪੁਆਇੰਟ ‘ਤੇ ਸੁਨਿਆਰੇ ਨੂੰ ਧਮਕਾਇਆ , ਸਾਰੀ ਘਟਨਾ CCTV ’ਚ ਕੈਦ
Amritsar News : ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਖੇਤਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ,ਜਦੋਂ ਇੱਕ ਜਵਾਨ ਨੇ ਸੁਨਿਆਰੇ ਦੀ ਦੁਕਾਨ ’ਚ ਦਾਖਲ ਹੋ ਕੇ ਉਸਦੇ ਮੱਥੇ ’ਤੇ ਪਿਸਤੌਲ ਤਾਨ ਦਿੱਤੀ। ਇਹ ਸਾਰੀ ਘਟਨਾ ਦੁਕਾਨ ’ਤੇ ਲੱਗੇ CCTV ਕੈਮਰੇ ਵਿੱਚ ਸਾਫ਼ ਤੌਰ ’ਤੇ ਕੈਦ ਹੋ ਗਈ, ਜਿਸ ਵਿੱਚ ਦਿਖਾਇਆ ਗਿਆ ਕਿ ਆਰੋਪੀ ਸੁਨਿਆਰੇ ਨੂੰ ਗਾਲਾਂ ਕੱਢਦਾ ਅਤੇ ਉਸਦੇ ਮੱਥੇ ’ਤੇ ਪਿਸਤੌਲ ਤਾਨਦਾ ਹੈ।
ਪੀੜਤ ਸੁਨਿਆਰੇ ਵਿਨੈ ਨੇ ਦੱਸਿਆ ਕਿ ਉਸਦਾ ਕਿਸੇ ਲੜਕੀ ਨਾਲ ਪੈਸਿਆਂ ਦਾ ਲੈਣ -ਦੇਣ ਸੀ ਅਤੇ ਉਹ ਲੜਕੀ ਖੁਦ ਪੈਸੇ ਵਾਪਸ ਕਰਨ ਲਈ ਉਸਦੀ ਦੁਕਾਨ ’ਤੇ ਆਉਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਲੜਕੀ ਦਾ ਭਰਾ ਉੱਥੇ ਆ ਗਿਆ ਤੇ ਬਿਨਾਂ ਕਿਸੇ ਗੱਲਬਾਤ ਦੇ ਗਾਲਾਂ ਕੱਢਣ ਅਤੇ ਧਮਕਾਉਣ ਲੱਗ ਪਿਆ।
ਵਿਨੈ ਦੇ ਅਨੁਸਾਰ ਉਸ ਵਿਅਕਤੀ ਨੇ ਉਸਦੇ ਮੱਥੇ ’ਤੇ ਪਿਸਤੌਲ ਤਾਨ ਦਿੱਤੀ, ਜਿਸ ਨਾਲ ਉਹ ਡਰ ਗਿਆ। ਉਸਨੇ ਕਿਹਾ “ਜੇ ਪਿਸਤੌਲ ਚੱਲ ਜਾਂਦੀ ਤਾਂ ਸ਼ਾਇਦ ਮੈਂ ਅੱਜ ਜਿੰਦਾ ਨਾ ਹੁੰਦਾ। ਘਟਨਾ ਤੋਂ ਬਾਅਦ ਵਿਨੈ ਨੇ ਤੁਰੰਤ ਦੁਕਾਨ ਬੰਦ ਕੀਤੀ ਅਤੇ 112 ਨੰਬਰ ’ਤੇ ਪੁਲਿਸ ਨੂੰ ਸੂਚਿਤ ਕੀਤਾ। ਉਸਨੇ ਮੰਗ ਕੀਤੀ ਕਿ ਆਰੋਪੀ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਦੀ ਜਾਣਕਾਰੀ ਮਿਲਣ ਉੱਪਰ ਏਐਸਆਈ ਵਰਸ਼ਾ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਕਾਲ ਮਿਲਣ ਉੱਪਰ ਤੁਰੰਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ CCTV ਫੁਟੇਜ ਜ਼ਬਤ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਲਾਕੇ ਦੇ ਵਪਾਰੀਆਂ ਨੇ ਇਸ ਘਟਨਾ ‘ਤੇ ਗੁੱਸਾ ਜਤਾਇਆ ਹੈ ਅਤੇ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
- PTC NEWS