Vande Bharat Trains Update : ਪ੍ਰਧਾਨ ਮੰਤਰੀ ਮੋਦੀ ਨੇ 6 ਵੰਦੇ ਭਾਰਤ ਟਰੇਨਾਂ ਨੂੰ ਦਿਖਾਈ ਹਰੀ ਝੰਡੀ, ਇਨ੍ਹਾਂ ਰੂਟਾਂ ਲਈ ਤੋਹਫ਼ਾ
Vande Bharat Passengers : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਛੇ ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਟਰੇਨਾਂ ਯਾਤਰੀਆਂ ਲਈ ਸੰਪਰਕ, ਸੁਰੱਖਿਅਤ ਯਾਤਰਾ ਅਤੇ ਸੁਵਿਧਾਵਾਂ ਨੂੰ ਵਧਾਏਗੀ। ਇਨ੍ਹਾਂ ਨਵੀਆਂ ਵੰਦੇ ਭਾਰਤ ਟਰੇਨਾਂ ਦੇ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 54 ਤੋਂ ਵਧ ਕੇ 60 ਹੋ ਗਈ ਹੈ। ਇਸ ਤਰ੍ਹਾਂ, ਵੰਦੇ ਭਾਰਤ ਰੇਲ ਗੱਡੀਆਂ ਰੋਜ਼ਾਨਾ 120 ਯਾਤਰਾਵਾਂ ਰਾਹੀਂ 24 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 280 ਤੋਂ ਵੱਧ ਜ਼ਿਲ੍ਹਿਆਂ ਨੂੰ ਕਵਰ ਕਰੇਗੀ।
ਪ੍ਰਧਾਨ ਮੰਤਰੀ ਨੇ ਟਾਟਾਨਗਰ ਤੋਂ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਾ ਸੀ ਪਰ ਘੱਟ ਦਿੱਖ ਅਤੇ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਇਸ ਮੌਕੇ ਟਾਟਾਨਗਰ ਸਟੇਸ਼ਨ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਮੌਜੂਦ ਸਨ। ਇਹ ਨਵੀਆਂ ਟਰੇਨਾਂ ਟਾਟਾਨਗਰ-ਪਟਨਾ, ਬ੍ਰਹਮਪੁਰ-ਟਾਟਾਨਗਰ, ਰੁੜਕੇਲਾ-ਹਾਵੜਾ, ਦੇਵਘਰ-ਵਾਰਾਣਸੀ, ਭਾਗਲਪੁਰ-ਹਾਵੜਾ ਅਤੇ ਗਯਾ-ਹਾਵੜਾ ਰੂਟਾਂ 'ਤੇ ਚੱਲਣਗੀਆਂ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਟਰੇਨਾਂ ਯਾਤਰਾ ਦੇ ਸਮੇਂ ਨੂੰ ਘਟਾਉਣ ਵਿੱਚ ਮਦਦ ਕਰਨਗੀਆਂ। ਇਹ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਨਿਯਮਤ ਯਾਤਰੀਆਂ, ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਵਿਦਿਆਰਥੀ ਭਾਈਚਾਰਿਆਂ ਨੂੰ ਲਾਭ ਪਹੁੰਚਾਉਣਗੀਆਂ। ਇਹ ਰੇਲ ਗੱਡੀਆਂ ਦੇਵਘਰ (ਝਾਰਖੰਡ) ਵਿੱਚ ਬੈਦਿਆਨਾਥ ਧਾਮ, ਵਾਰਾਣਸੀ (ਉੱਤਰ ਪ੍ਰਦੇਸ਼) ਵਿੱਚ ਕਾਸ਼ੀ ਵਿਸ਼ਵਨਾਥ ਮੰਦਰ, ਕੋਲਕਾਤਾ (ਪੱਛਮੀ ਬੰਗਾਲ) ਵਿੱਚ ਕਾਲੀਘਾਟ, ਬੇਲੂਰ ਮੱਠ ਵਰਗੇ ਤੀਰਥ ਸਥਾਨਾਂ ਦੀ ਯਾਤਰਾ ਦੇ ਸਮੇਂ ਨੂੰ ਘਟਾ ਕੇ ਇਸ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਧਨਬਾਦ ਵਿੱਚ ਕੋਲਾ ਅਤੇ ਖਾਣ ਉਦਯੋਗ, ਕੋਲਕਾਤਾ ਵਿੱਚ ਜੂਟ ਉਦਯੋਗ ਅਤੇ ਦੁਰਗਾਪੁਰ ਵਿੱਚ ਲੋਹੇ ਅਤੇ ਸਟੀਲ ਨਾਲ ਸਬੰਧਤ ਸੈਕਟਰ ਨੂੰ ਵੀ ਹੁਲਾਰਾ ਮਿਲੇਗਾ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G) ਦੇ ਤਹਿਤ 32,000 ਲਾਭਪਾਤਰੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਮਨਜ਼ੂਰੀ ਪੱਤਰ ਵੰਡੇ ਅਤੇ ਮਕਾਨਾਂ ਦੀ ਉਸਾਰੀ ਲਈ 32 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਉਨ੍ਹਾਂ ਨੇ ਡਿਜੀਟਲ ਮਾਧਿਅਮ ਰਾਹੀਂ ਦੇਸ਼ ਭਰ ਦੇ 46,000 PMAY-G ਲਾਭਪਾਤਰੀਆਂ ਨੂੰ ਚਾਬੀਆਂ ਵੀ ਸੌਂਪੀਆਂ। ਕੇਂਦਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ-G ਯੋਜਨਾ ਦੇ ਤਹਿਤ ਝਾਰਖੰਡ ਵਿੱਚ ਗਰੀਬਾਂ ਲਈ 1,13,400 ਘਰਾਂ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : Benefit of Farmers : ਮੋਦੀ ਸਰਕਾਰ ਨੇ ਕਿਸਾਨਾਂ ਲਈ ਇਹ ਤਿੰਨ ਅਹਿਮ ਫੈਸਲੇ, ਕਿਸਾਨਾਂ ਲਈ ਹੋਣਗੇ ਬਹੁਤ ਫਾਇਦੇਮੰਦ
- PTC NEWS