CNG Price Hike : ਹੁਣ ਕਾਰ ਚਲਾਉਣਾ ਹੋਵੇਗਾ ਮਹਿੰਗਾ! ਸਰਕਾਰ ਨੇ ਸੀਐਨਜੀ ਗੈਸ ਦੀਆਂ ਕੀਮਤਾਂ 'ਚ ਕੀਤਾ ਵਾਧਾ
CNG Price Hike : ਪਹਿਲਾਂ ਤੋਂ ਹੀ ਡੀਜ਼ਲ ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਹੁਣ ਕੇਂਦਰ ਸਰਕਾਰ ਨੇ ਸੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਇੱਕ ਹੋਰ ਝਟਕਾ ਦਿੱਤਾ ਹੈ। ਵਾਹਨਾਂ ਵਿੱਚ ਸੀਐਨਜੀ ਭਰਵਾਉਣ ਵਾਲੇ ਲੋਕਾਂ ਨੂੰ ਹੁਣ CNG ਭਰਨਾ ਹੁਣ ਮਹਿੰਗਾ ਪਵੇਗਾ। ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਰਾਜਧਾਨੀ ਦਿੱਲੀ ਵਿੱਚ ਕੰਪ੍ਰੈਸਡ ਨੈਚੁਰਲ ਗੈਸ (CNG) ਦੀ ਕੀਮਤ ਵਿੱਚ ਇੱਕ ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਪਿਛਲੇ ਮਹੀਨੇ ਰਾਜਧਾਨੀ ਦਿੱਲੀ ਵਿੱਚ ਇੱਕ ਕਿਲੋ ਸੀਐਨਜੀ ਭਰਨ ਲਈ 76.09 ਰੁਪਏ ਖਰਚੇ ਜਾਂਦੇ ਸਨ ਪਰ ਹੁਣ ਇਸਦੇ ਲਈ 77.09 ਰੁਪਏ ਖਰਚ ਕਰਨੇ ਪੈਣਗੇ।
ਸੀਐਨਜੀ ਦੀਆਂ ਨਵੀਆਂ ਪ੍ਰਚੂਨ ਕੀਮਤਾਂ ਵੀ ਅੱਜ 3 ਮਈ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਦੇ ਨਾਲ, ਨੋਇਡਾ ਅਤੇ ਗਾਜ਼ੀਆਬਾਦ ਵਿੱਚ ਪ੍ਰਤੀ ਕਿਲੋਗ੍ਰਾਮ ਸੀਐਨਜੀ ਦੀ ਕੀਮਤ ਵੀ 84.70 ਰੁਪਏ ਤੋਂ ਵਧ ਕੇ 85.70 ਰੁਪਏ ਹੋ ਗਈ ਹੈ। ਇੰਦਰਪ੍ਰਸਥ ਗੈਸ ਲਿਮਟਿਡ ਵੱਲੋਂ ਸੀਐਨਜੀ ਦੀਆਂ ਦਰਾਂ ਵਿੱਚ ਵਾਧੇ ਕਾਰਨ, ਹੁਣ ਗੁਰੂਗ੍ਰਾਮ ਵਿੱਚ ਸੀਐਨਜੀ ਦੀ ਕੀਮਤ 83.12 ਰੁਪਏ, ਕਾਨਪੁਰ ਵਿੱਚ 89.92 ਰੁਪਏ ਅਤੇ ਮੇਰਠ ਵਿੱਚ 87.08 ਰੁਪਏ ਹੋ ਗਈ ਹੈ।
7 ਅਪ੍ਰੈਲ ਨੂੰ ਵੀ ਵਧਾਈਆਂ ਗਈਆਂ ਸਨ ਦਰਾਂ
ਪਿਛਲੇ ਮਹੀਨੇ ਵੀ ਇੰਦਰਪ੍ਰਸਥ ਗੈਸ ਲਿਮਟਿਡ, ਯਾਨੀ ਕਿ IGL ਨੇ CNG ਦੀ ਕੀਮਤ ਵਿੱਚ 1 ਰੁਪਏ ਤੋਂ 3 ਰੁਪਏ ਦਾ ਵਾਧਾ ਕੀਤਾ ਸੀ। ਦਿੱਲੀ ਵਿੱਚ, ਸੀਐਨਜੀ ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦੋਂ ਕਿ ਹੋਰ ਥਾਵਾਂ 'ਤੇ ਇਸ ਵਿੱਚ 3 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਸੀ। ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ, ਕੰਪਨੀ ਨੇ ਦੂਜੀ ਵਾਰ ਸੀਐਨਜੀ ਦੀ ਦਰ ਵਧਾ ਦਿੱਤੀ ਹੈ।
- PTC NEWS