Punjab 'ਚ ਸਕੂਲਾਂ ਤੋਂ ਬਾਅਦ ਹੁਣ ਡਿਗਰੀ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ,26 ਜਨਵਰੀ ਨੂੰ ਤਿਰੰਗਾ ਨਾ ਲਹਿਰਾਉਣ ਦੀ ਦਿੱਤੀ ਚੇਤਾਵਨੀ
Schools Threat News : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਵਿੱਚ ਪਿੰਡ ਬਹਾਦਰਪੁਰ ਦੇ ਨੇੜੇ ਸਥਿਤ ਡਿਗਰੀ ਕਾਲਜ ਫਾਰ ਵੂਮੈਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਕਾਲਜ ਦੇ ਅਧਿਕਾਰਤ ਈਮੇਲ 'ਤੇ ਮਿਲੀ ਹੈ। ਧਮਕੀ 'ਚ ਕਿਹਾ ਗਿਆ ਹੈ ਕਿ ਜੇਕਰ 26 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਇਆ ਗਿਆ ਤਾਂ ਸਕੂਲ ਨੂੰ ਉਡਾ ਦਿੱਤਾ ਜਾਵੇਗਾ।
ਧਮਕੀ ਮਿਲਣ 'ਤੇ ਕਾਲਜ ਪ੍ਰਬੰਧਨ ਨੇ ਤੁਰੰਤ ਵਿਦਿਆਰਥਣਾਂ ਨੂੰ ਘਰ ਭੇਜ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਲਜ ਨੂੰ ਪੁਲਿਸ ਕੈਂਪ ਵਿੱਚ ਬਦਲ ਦਿੱਤਾ। ਡੌਗ ਸਕੁਐਡ ਅਤੇ ਸਰਚ ਟੀਮਾਂ ਕਾਲਜ ਦੇ ਹਰ ਕੋਨੇ ਦੀ ਤਲਾਸ਼ੀ ਲੈ ਰਹੀਆਂ ਹਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਤਲਾਸ਼ੀ ਜਾਰੀ ਹੈ। ਡੀਐਸਪੀ ਸੁਖਜਿੰਦਰ ਕੁਮਾਰ ਨੇ ਦੱਸਿਆ ਕਿ ਧਮਕੀ ਭਰੀ ਈਮੇਲ ਕਾਲਜ ਦੇ ਅਧਿਕਾਰਤ ਈਮੇਲ ਪਤੇ 'ਤੇ ਪ੍ਰਾਪਤ ਹੋਈ ਸੀ। ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਗੁਰਦਾਸਪੁਰ ਦੇ 4 ਸਕੂਲਾਂ ਨੂੰ ਵੀ ਮਿਲੀ ਧਮਕੀ
ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦਾਸਪੁਰ ਪਬਲਿਕ ਸਕੂਲ, ਟ੍ਰਿਨਿਟੀ ਪਬਲਿਕ ਸਕੂਲ ,ਜ਼ਿਆ ਲਾਲ ਮਿੱਤਲ ਡੀਏਵੀ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਪ੍ਰਬੰਧਨ ਨੇ ਤੁਰੰਤ ਬੱਚਿਆਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ। ਈਮੇਲਾਂ ਵਿੱਚ ਸਕੂਲਾਂ ਨੂੰ 26 ਜਨਵਰੀ ਨੂੰ ਜ਼ਿਲ੍ਹੇ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਆਪਣੇ ਵਿਦਿਆਰਥੀਆਂ ਨੂੰ ਨਾ ਭੇਜਣ ਦੀ ਚੇਤਾਵਨੀ ਦਿੱਤੀ ਗਈ ਹੈ। ਸਕੂਲ ਪ੍ਰਸ਼ਾਸਨ, ਵਿਦਿਆਰਥੀ ਅਤੇ ਮਾਪੇ ਬਹੁਤ ਡਰੇ ਹੋਏ ਹਨ। ਇਨ੍ਹਾਂ ਈਮੇਲਾਂ ਬਾਰੇ ਜਾਣਕਾਰੀ ਮਿਲਣ 'ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਪੁਲਿਸ ਇਨ੍ਹਾਂ ਧਮਕੀਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਅਹਿਮਦਾਬਾਦ ਅਤੇ ਨੋਇਡਾ ਦੇ ਕਈ ਸਕੂਲਾਂ ਤੱਕ ਵੀ ਪਹੁੰਚੀਆਂ ਧਮਕੀਆਂ
ਅਹਿਮਦਾਬਾਦ ਅਤੇ ਨੋਇਡਾ 'ਚ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਇਸ ਸੂਚਨਾ ਤੋਂ ਬਾਅਦ ਵਿਦਿਅਕ ਸੰਸਥਾਵਾਂ ਵਿੱਚ ਹੜਕੰਪ ਮਚ ਗਿਆ ਅਤੇ ਪੁਲਿਸ ਅਤੇ ਬੰਬ ਸਕੁਐਡ ਤੁਰੰਤ ਤਾਇਨਾਤ ਕਰ ਦਿੱਤੇ ਗਏ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇੱਕ ਬਿਆਨ ਵਿੱਚ ਕਿਹਾ ਕਿ ਜ਼ੇਵੀਅਰ ਅਤੇ ਸੇਂਟ ਕਬੀਰ ਸਮੇਤ ਅਹਿਮਦਾਬਾਦ ਦੇ ਕਈ ਸਕੂਲਾਂ ਨੂੰ ਸ਼ੁੱਕਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲਣ ਤੋਂ ਤੁਰੰਤ ਬਾਅਦ ਕ੍ਰਾਈਮ ਬ੍ਰਾਂਚ ਦਾ ਬੰਬ ਸਕੁਐਡ ਅਤੇ ਫੋਰੈਂਸਿਕ ਵਿਭਾਗ ਜਾਂਚ ਕਰ ਰਿਹਾ ਹੈ।
ਇਸੇ ਤਰ੍ਹਾਂ ਨੋਇਡਾ ਦੇ ਸ਼ਿਵ ਨਾਦਰ ਸਕੂਲ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਅੱਜ ਸਵੇਰੇ ਸਕੂਲ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਈਮੇਲ ਮਿਲਦੇ ਹੀ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਕੂਲ ਦੀ ਤਲਾਸ਼ੀ ਲਈ। ਸਾਵਧਾਨੀ ਵਜੋਂ ਸਾਰੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ।
ਮਾਪੇ ਚਿੰਤਤ
ਦੋਵਾਂ ਸ਼ਹਿਰਾਂ ਦੇ ਸਕੂਲਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਮਾਪੇ ਇਕੱਠੇ ਹੋਏ ਹਨ। ਪ੍ਰਸ਼ਾਸਨ ਨੇ ਜਨਤਾ ਨੂੰ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਇਸ ਨੂੰ ਇੱਕ ਅਫ਼ਵਾਹ ਮੰਨ ਰਹੀ ਹੈ ਪਰ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਗੁੱਸਾ ਜ਼ਾਹਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਧਮਕੀ ਭਰੇ ਸੁਨੇਹੇ ਹਰ ਦੋ ਤੋਂ ਤਿੰਨ ਮਹੀਨਿਆਂ ਬਾਅਦ ਸਾਹਮਣੇ ਆਉਂਦੇ ਹਨ ਪਰ ਅੱਜ ਤੱਕ ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਪੁਲਿਸ ਨੇ ਈਮੇਲ ਭੇਜਣ ਵਾਲੇ ਬਦਮਾਸ਼ਾਂ ਵਿਰੁੱਧ ਕੋਈ ਠੋਸ ਕਾਰਵਾਈ ਕੀਤੀ ਹੈ।
ਈਮੇਲ ਭੇਜਣ ਵਾਲੇ ਦੀ ਭਾਲ ਜਾਰੀ
ਨੋਇਡਾ ਦੇ ਜੁਆਇੰਟ ਸੀਪੀ ਰਾਜੀਵ ਨਾਰਾਇਣ ਮਿਸ਼ਰਾ ਨੇ ਕਿਹਾ ਕਿ ਸਕੂਲ ਨੂੰ ਪ੍ਰਾਪਤ ਈਮੇਲ ਦੇ ਆਧਾਰ 'ਤੇ ਜਾਂਚ ਏਜੰਸੀਆਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਸਕੂਲ ਤੋਂ ਅਜੇ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਸਾਡੀ ਖੁਫੀਆ ਟੀਮ ਇਹ ਪਤਾ ਲਗਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ ਕਿ ਇਹ ਈਮੇਲ ਕਿਸਨੇ ਭੇਜਿਆ ਹੈ ਅਤੇ ਕੀ ਇਹ ਕਿਸੇ ਸਮਾਜ ਵਿਰੋਧੀ ਤੱਤ ਦੀ ਸਾਜ਼ਿਸ਼ ਹੈ। ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
- PTC NEWS