Sri Guru Ramdas Ji ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹੈਲੀਕਾਪਟਰ ਰਾਹੀਂ ਕੀਤੀ ਫੁੱਲਾਂ ਦੀ ਵਰਖਾ, ਸਜਾਏ ਗਏ ਸੁੰਦਰ ਜਲੌਅ , ਦੇਖੋ ਵੀਡੀਓ
Amritsar News : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸਵੇਰੇ 8:30 ਵਜੇ ਤੋਂ 12 ਵਜੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ , ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਪਵਿੱਤਰ ਜਲੋਅ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਗਏ। ਗੁਰੂ ਸਾਹਿਬਾਨ, ਮਹਾਰਾਜਾ ਰਣਜੀਤ ਸਿੰਘ ਹੋਰ ਪੰਥਕ ਪ੍ਰਮੁੱਖ ਹਸਤੀਆਂ ਨਾਲ ਸੰਬੰਧਿਤ ਬੇਸ਼ਕੀਮਤੀ ਹੀਰੇ ਜਵਾਹਰਾਤ, ਸੋਨੇ ਦੇ ਦਰਵਾਜ਼ੇ, ਚਾਂਦੀ ਦੀਆਂ ਕਹੀਆਂ ,ਬਾਟੇ , ਨੌ ਲੱਖਾਂ ਹਾਰ ਨੀਲਮ ਜੜਿਆ ਸੋਨੇ ਦਾ ਮੋਰ ਸਮੇਤ ਅਨੇਕਾਂ ਬੇਸ਼ਕੀਮਤੀ ਵਸਤਾਂ ਦੇ ਦਰਸ਼ਨਾਂ ਦੀ ਸੰਗਤਾਂ ਨੂੰ ਹਮੇਸ਼ਾ ਹੀ ਬੇਹੱਦ ਤਾਂਘ ਰਹਿੰਦੀ ਹੈ।
ਕਿਉਂਕਿ ਜਲੌਅ ਸਾਲ ਵਿੱਚ ਸਿਰਫ 6 ਵਾਰ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਜਾਂਦੇ ਅਤੇ ਸਾਂਭ ਸੰਭਾਲ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਤੋਸੇ ਖਾਨੇ ਵਿੱਚ ਰੱਖੇ ਜਾਂਦੇ ਹਨ। ਦੇਸ਼ -ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਪਾਵਨ ਪਵਿੱਤਰ ਜਲੋਅ ਦੇ ਦਰਸ਼ਨ ਕਰਨ ਦਾ ਮੌਕਾ ਮਿਲਣ 'ਤੇ ਅਤਿਅੰਤ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਜਲੌਅ ਨਾਲ ਸੰਬੰਧਿਤ ਇਤਿਹਾਸਿਕ ਵਸਤੂਆਂ ਬਾਰੇ ਅਹਿਮ ਜਾਣਕਾਰੀ ਦਿੱਤੀ।
ਹੈਲੀਕਾਪਟਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਵਰਖਾ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਿਕਾਰ ਭੇਟ ਕਰਦਿਆਂ ਹਿਮਾਚਲ ਦੇ ਚੰਬਾ ਦੇ ਇੱਕ ਸਿੱਖ ਪਰਿਵਾਰ ਵੱਲੋਂ ਪਿਛਲੇ ਚਾਰ ਵਰਿਆਂ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਵਰਖਾ ਦੀ ਸੇਵਾ ਕੀਤੀ ਗਈ। ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਨਗਰ ਕੀਰਤਨ 'ਤੇ ਹੈਲੀਕਾਪਟਰ ਦੇ ਰਾਹੀਂ ਫੁੱਲਾਂ ਦੀ ਵਰਖਾ ਦੀ ਇਹ ਸੇਵਾ ਕੀਤੀ ਜਾ ਰਹੀ ਸੀ ਪਰ ਬੀਤੇ ਕੱਲ ਮੌਸਮ ਖਰਾਬ ਹੋਣ ਦੇ ਚਲਦਿਆਂ ਦੇਹਰਾਦੂਨ ਤੋਂ ਆ ਰਹੇ ਹੈਲੀਕਾਪਟਰ ਨੂੰ ਵਾਪਸ ਪਰਤਣਾ ਪਿਆ, ਜਿਸ ਤੋਂ ਬਾਅਦ ਅੱਜ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਵਰਖਾ ਦੀ ਸੇਵਾ ਕੀਤੀ ਗਈ।
ਇਸ ਸਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਆਰਜੀ ਹੈਲੀਪੈਡ ਤਿਆਰ ਕੀਤਾ ਗਿਆ, ਜਿੱਥੇ ਚੰਬਾ ਤੋਂ ਆਏ ਇਸ ਗੁਰੂ ਘਰ ਦੇ ਸੇਵਕ ਪਰਿਵਾਰ ਵੱਲੋਂ 15 ਕੁਇੰਟਲ ਦੇ ਕਰੀਬ ਗੁਲਾਬ ਦੀਆਂ ਪੱਤੀਆਂ ਹੈਲੀਕਾਪਟਰ ਤੱਕ ਪਹੁੰਚਾਉਣ ਅਤੇ ਵੱਖ -ਵੱਖ ਗੇੜਿਆਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਫੁੱਲਾਂ ਦੀ ਵਰਖਾ ਕਰਨ ਦੀ ਸੇਵਾ ਕੀਤੀ ਗਈ।
ਖਾਸ ਗੱਲ ਇਹ ਹੈ ਕਿ ਇਸ ਪਰਿਵਾਰ ਵੱਲੋਂ ਨਾ ਤਾਂ ਆਪਣੇ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਮੀਡੀਆ ਨੂੰ ਵੀ ਇਹ ਦਰਖਾਸਤ ਕੀਤੀ ਗਈ ਕਿ ਸਮੁੱਚੇ ਪਰਿਵਾਰ ਦੀ ਕੋਈ ਵੀ ਤਸਵੀਰ ਕਿਤੇ ਵੀ ਨਸ਼ਰ ਨਾ ਕੀਤੀ ਜਾਵੇ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਡਾਕਟਰ ਪਲਵਿੰਦਰ ਸਿੰਘ ਵੱਲੋਂ ਚੰਬਾ ਦੇ ਇਸ ਸੇਵਕ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਅਨੁਸਾਰ ਹੈਲੀਕਾਪਟਰ ਵੱਲੋਂ 13 ਗੇੜਿਆਂ ਦੌਰਾਨ 15 ਕੁਇੰਟਲ ਦੇ ਕਰੀਬ ਫੁੱਲਾਂ ਦੀ ਵਰਖਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ।
- PTC NEWS