Vikramaditya Marriage : ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਕਰਨ ਜਾ ਰਹੇ ਦੂਜਾ ਵਿਆਹ, ਪੰਜਾਬ ਦੀ ਅਮਰੀਨ ਕੌਰ ਨਾਲ ਹੋਇਆ ਤੈਅ
Himachal Minister Vikramaditya Marriage : ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਵਿਆਹ ਦੇ ਕਾਰਡ ਵੀ ਛਪ ਚੁੱਕੇ ਹਨ ਅਤੇ ਵਿਆਹ ਦਾ ਸਥਾਨ ਵੀ ਤੈਅ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਮੁੱਖ ਮੰਤਰੀ ਰਹੇ ਰਾਜਾ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਦਾ ਵਿਆਹ 22 ਸਤੰਬਰ 2025 ਨੂੰ ਚੰਡੀਗੜ੍ਹ ਵਿੱਚ ਹੋਵੇਗਾ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵਿਆਹ ਦਾ ਕਾਰਡ
ਵਿਕਰਮਾਦਿਤਿਆ ਸਿੰਘ ਦੇ ਵਿਆਹ ਦਾ ਕਾਰਡ ਇੰਟਰਨੈੱਟ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਿਕਰਮਾਦਿਤਿਆ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਿਮਾਚਲ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੰਡੀ ਸੀਟ ਤੋਂ ਕੰਗਨਾ ਰਣੌਤ ਵਿਰੁੱਧ ਵੀ ਚੋਣ ਲੜੀ ਹੈ, ਜਿਸ ਵਿੱਚ ਉਨ੍ਹਾਂ ਨੇ ਕੰਗਨਾ ਨੂੰ ਸਖ਼ਤ ਚੁਣੌਤੀ ਦਿੱਤੀ ਸੀ। ਹਾਲਾਂਕਿ, ਉਹ ਜਿੱਤ ਨਹੀਂ ਸਕੇ। ਵਿਕਰਮਾਦਿਤਿਆ ਸਿੰਘ ਇਸ ਸਮੇਂ ਸ਼ਿਮਲਾ ਦਿਹਾਤੀ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।

ਪਹਿਲੇ ਵਿਆਹ ਤੋਂ ਹੋ ਚੁੱਕਿਆ ਹੈ ਤਲਾਕ
ਦੱਸ ਦੇਈਏ ਕਿ ਇਹ ਵਿਕਰਮਾਦਿਤਿਆ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ, ਉਸਦਾ ਵਿਆਹ 8 ਮਾਰਚ 2019 ਨੂੰ ਸੁਦਰਸ਼ਨਾ ਕੁਮਾਰੀ ਨਾਲ ਹੋਇਆ ਸੀ। ਸੁਦਰਸ਼ਨਾ ਰਾਜਸਮੰਦ ਦੇ ਅਮੇਤ ਰਾਜ ਨਾਲ ਸਬੰਧਤ ਹੈ। ਮਤਭੇਦਾਂ ਕਾਰਨ, ਦੋਵਾਂ ਦਾ ਲਗਭਗ ਦੋ ਸਾਲ ਪਹਿਲਾਂ ਤਲਾਕ ਹੋ ਗਿਆ ਸੀ।
ਇਸ ਤਲਾਕ ਤੋਂ ਬਾਅਦ, ਵਿਕਰਮਾਦਿਤਿਆ ਸਿੰਘ ਨੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ, ਅਮਰੀਨ ਕੌਰ ਸੈਕਟਰ 2, ਚੰਡੀਗੜ੍ਹ ਦੇ ਸਰਦਾਰ ਜੋਤਿੰਦਰ ਸਿੰਘ ਸੇਖੋ ਅਤੇ ਸਰਦਾਰਨੀ ਓਪਿੰਦਰ ਕੌਰ ਦੀ ਧੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ। ਉਸਦੀ ਵਿਕਰਮਾਦਿਤਿਆ ਸਿੰਘ ਨਾਲ ਲੰਬੇ ਸਮੇਂ ਤੋਂ ਦੋਸਤੀ ਹੈ। ਹੁਣ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਹੈ।
- PTC NEWS